ਲੰਡਨ : ਦੱਖਣੀ-ਪੂਰਬੀ ਇੰਗਲੈਂਡ ਦੇ ਫੇਅਰਹੈਮ ਤੋਂ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਅਤੇ ਭਾਰਤੀ ਮੂਲ ਦੀ ਬੈਰਿਸਟਰ ਸੁਏਲਾ ਬ੍ਰੇਵਰਮੈਨ ਨੂੰ ਮੰਗਲਵਾਰ ਨੂੰ ਬ੍ਰਿਟੇਨ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। 42 ਸਾਲਾ ਬ੍ਰੇਵਰਮੈਨ ਭਾਰਤੀ ਮੂਲ ਦੀ ਆਪਣੀ ਸਹਿਯੋਗੀ ਪ੍ਰੀਤੀ ਪਟੇਲ ਦੀ ਥਾਂ ਲਵੇਗੀ। ਬ੍ਰੇਵਰਮੈਨ ਹੁਣ ਤੱਕ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਟਾਰਨੀ ਜਨਰਲ ਵਜੋਂ ਸੇਵਾ ਨਿਭਾ ਰਹੀ ਸੀ। ਉਨ੍ਹਾਂ ਨੂੰ ਨਵ-ਨਿਯੁਕਤ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਗ੍ਰਹਿ ਮੰਤਰੀ ਨਾਮਜ਼ਦ ਕੀਤਾ।ਬ੍ਰੇਵਰਮੈਨ 2 ਬੱਚਿਆਂ ਦੀ ਮਾਂ ਹੈ। ਉਹ ਤਮਿਲ ਉਮਾ ਅਤੇ ਗੋਆ ਮੂਲ ਦੇ ਕ੍ਰਿਸਟੀ ਫਰਨਾਂਡਿਸ ਦੀ ਧੀ ਹੈ। ਉਨ੍ਹਾਂ ਦੀ ਮਾਂ ਮਾਰੀਸ਼ਸ ਤੋਂ ਬ੍ਰਿਟੇਨ ਆਈ ਸੀ, ਜਦੋਂ ਕਿ ਉਨ੍ਹਾਂ ਦੇ ਪਿਤਾ 1960 ਦੇ ਦਹਾਕੇ ਵਿੱਚ ਕੀਨੀਆ ਤੋਂ ਇੱਥੇ ਆਏ ਸਨ। ਬੀਬੀਸੀ ਦੀ ਖ਼ਬਰ ਅਨੁਸਾਰ ਬ੍ਰੇਵਰਮੈਨ ਨੂੰ ਕੁਝ ਸ਼ਰਨਾਰਥੀਆਂ ਨੂੰ ਰਵਾਂਡਾ ਭੇਜਣ ਦੀ ਸਰਕਾਰ ਦੀ ਯੋਜਨਾ ਵਰਗੇ ਉਨ੍ਹਾਂ ਪ੍ਰੋਜੈਕਟਾਂ ਦਾ ਕੰਮ ਸੌਂਪਿਆ ਜਾਵੇਗਾ, ਜਿਨ੍ਹਾਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।