ਲੁਧਿਆਣਾ : ਕਸਬਾ ਖੰਨਾ ਦੇ ਪਿੰਡ ਰੋਹਣੋ ਖੁਰਦ ‘ਚ ਬਦਮਾਸ਼ਾਂ ਨੇ ਫਿਲਮੀ ਸਟਾਈਲ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 5 ਵਜੇ ਬਦਮਾਸ਼ ਕਿਸਾਨ ਦੇ ਘਰ ਪਹੁੰਚੇ। ਬਦਮਾਸ਼ਾਂ ਕੋਲ ਪਿਸਤੌਲ ਵੀ ਸੀ। ਘਰ ਦੇ ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਕਿਹਾ ਕਿ ਉਹ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਹਨ। ਉਹ ਕਿਸਾਨ ਨੂੰ ਬੰਦੂਕ ਦੀ ਨੋਕ ‘ਤੇ ਲੈ ਗਏ ਅਤੇ ਪੂਰੇ ਘਰ ਦੀ ਤਲਾਸ਼ੀ ਲਈ।
ਦੱਸ ਦੇਈਏ ਕਿ ਅਦਾਕਾਰ ਅਕਸ਼ੈ ਕੁਮਾਰ ਦੀ ਹਿੰਦੀ ਫਿਲਮ ‘ਸਪੈਸ਼ਲ 26’ ਵਿੱਚ ਵੀ ਇੱਕ ਗਰੁੱਪ ਇਨਕਮ ਟੈਕਸ ਅਧਿਕਾਰੀ ਤਾਂ ਕਦੇ ਸੀਬੀਆਈ ਅਧਿਕਾਰੀ ਬਣ ਕੇ ਅਮੀਰ ਲੋਕਾਂ ਦੇ ਘਰਾਂ ਵਿੱਚ ਵੜਦਾ ਹੈ ਤੇ ਮਾਲ ਲੁੱਟ ਕੇ ਫਰਾਰ ਹੋ ਜਾਂਦਾ ਹੈ। ਇਸੇ ਦੇ ਤਰਜ ‘ਤੇ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ।
ਕਿਸਾਨ ਦੇ ਘਰ 25 ਲੱਖ ਰੁਪਏ ਪਏ ਸਨ, ਜਿਸ ਨੂੰ ਲੈ ਕੇ ਲੁਟੇਰੇ ਫ਼ਰਾਰ ਹੋ ਗਏ। ਕਿਸਾਨ ਨੇ ਆਪਣੀ ਜ਼ਮੀਨ ਵੇਚੀ ਸੀ, ਜਿਸ ਦੀ ਪੇਮੈਂਟ ਉਸ ਦੇ ਘਰ ਪਈ ਸੀ। ਇਸ ਪੇਮੈਂਟ ਨਾਲ ਉਸ ਨੇ ਅੱਗੇ ਨਵੀਂ ਜ਼ਮੀਨ ਖਰੀਦਣੀ ਸੀ ਪਰ ਐਤਵਾਰ ਤੜਕੇ 5 ਵਜੇ ਆਏ ਨਕਾਬਪੋਸ਼ ਬਦਮਾਸ਼ਾਂ ਨੇ ਪੈਸੇ ਲੁੱਟ ਲਏ। ਮੁਲਜ਼ਮਾਂ ਦੇ ਚਲੇ ਜਾਣ ਤੋਂ ਬਾਅਦ ਕਿਸਾਨ ਨੇ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਪੀੜਤ ਕਿਸਾਨ ਦੀ ਪਛਾਣ ਸੱਜਣ ਸਿੰਘ ਪਿੰਡ ਰੋਹਣੋਂ ਵਜੋਂ ਹੋਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਵਿਲੀਅਮ ਜੈਜ਼ੀ ਅਤੇ ਥਾਣਾ ਇੰਚਾਰਜ ਨਛੱਤਰ ਸਿੰਘ ਮੌਕੇ ’ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਬਦਮਾਸ਼ਾਂ ਦੀ ਕਾਰ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਉਥੇ ਬਦਮਾਸ਼ਾਂ ਦੀ ਗਿਣਤੀ ਕਿੰਨੀ ਸੀ, ਇਹ ਅਜੇ ਸਪੱਸ਼ਟ ਨਹੀਂ ਹੈ। ਬਦਮਾਸ਼ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ।