ਅੰਮ੍ਰਿਤਸਰ: ਇਕ ਹਫਤੇ 'ਚ ਦੂਜੀ ਵਾਰ ਸੋਨੇ ਦੀ ਤਸਕਰੀ ਦਾ ਮਾਮਲਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ( Amritsar Airport) ਤੋਂ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਕਸਟਮ ਵਿਭਾਗ ਦੀ ਟੀਮ ਨੇ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਉਹ ਆਪਣੇ ਕੱਪੜਿਆਂ ਵਿੱਚ ਸੋਨਾ ਛੁਪਾ ਕੇ ਲਿਆਈ ਸੀ। ਫਿਲਹਾਲ ਸੋਨੇ ਦੇ ਮੁੱਲ ਨਿਰਧਾਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨੇ ਦਾ ਵਜ਼ਨ ਅਤੇ ਕੀਮਤ ਉਸ ਤੋਂ ਬਾਅਦ ਹੀ ਪਤਾ ਚੱਲ ਸਕੇਗੀ।
ਦੁਬਈ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ-56 ਅੱਜ ਸਵੇਰੇ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡ ਹੋਈ। ਸੁਰੱਖਿਆ ਜਾਂਚ ਦੌਰਾਨ ਡੀਆਰਆਈ ਦੀ ਟੀਮ ਨੂੰ ਪੂਜਾ ਨਾਂ ਦੀ ਔਰਤ 'ਤੇ ਸ਼ੱਕ ਹੋਇਆ। ਜਾਂਚ ਕਰਨ 'ਤੇ ਔਰਤ ਦੇ ਕੱਪੜਿਆਂ 'ਚ ਛੁਪਾਇਆ ਹੋਇਆ ਸੋਨਾ ਪਾਇਆ ਗਿਆ। ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ।
ਦੱਸ ਦੇਈਏ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ ਇਕ ਹਫਤੇ ਦੌਰਾਨ ਸੋਨੇ ਦੀ ਤਸਕਰੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਇਕ ਯਾਤਰੀ ਕੋਲੋਂ 1.240 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ, ਜਿਸ ਦੀ ਬਾਜ਼ਾਰੀ ਕੀਮਤ ਲਗਭਗ 65 ਲੱਖ ਰੁਪਏ ਦੱਸੀ ਗਈ ਸੀ। ਮੁਲਜ਼ਮ ਆਪਣੇ ਅੰਡਰਵੀਅਰ ਵਿੱਚ ਛੁਪਾ ਕੇ ਸੋਨੇ ਦੀਆਂ ਚੇਨਾਂ ਦੇ ਪੈਕਟ ਲੈ ਕੇ ਆਇਆ ਸੀ।