ਸ੍ਰੀ ਫ਼ਤਿਹਗੜ੍ਹ ਸਾਹਿਬ: ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਸੱਚਖੰਡ ਐਕਸਪ੍ਰੈਸ ਹੁਣ ਮੁੜ ਖੰਨਾ, ਸਰਹਿੰਦ, ਰਾਜਪੁਰਾ ਹੋ ਕੇ ਅੰਬਾਲਾ ਜਾਇਆ ਕਰੇਗੀ। ਇਸ ਤੋਂ ਪਹਿਲਾਂ ਇਸ ਰੇਲ ਗੱਡੀ ਦਾ ਰੂਟ ਬਦਲ ਕੇ ਅੰਬਾਲਾ ਤੋਂ ਚੰਡੀਗੜ੍ਹ ਰਾਹੀਂ ਲੁਧਿਆਣਾ ਕਰ ਦਿੱਤਾ ਗਿਆ ਸੀ। ਕਰੀਬ ਦੋ ਸਾਲਾਂ ਮਗਰੋਂ ਮੁੜ ਆਪਣੇ ਪਹਿਲਾਂ ਵਾਲੇ ਰੂਟ ਉੱਪਰ ਇਹ ਗੱਡੀ ਚਾਲੂ ਹੋਈ।
ਸਰਹਿੰਦ ਜੰਕਸ਼ਨ ਵਿਖੇ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਪੁੱਜੇ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਨੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਹੈ। ਇੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਛੋਟੇ ਬੱਚਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਦੂਜੇ ਪਾਸੇ ਨਾਂਦੇੜ ਸਾਹਿਬ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ।
ਇਸ ਧਰਤੀ ਤੋਂ ਜੇਕਰ ਉਸ ਧਰਤੀ ਤੱਕ ਜਾਣ ਲਈ ਸਾਧਨ ਨਹੀਂ ਹੋਵੇਗਾ ਤਾਂ ਇਹ ਬੜੀ ਨਿਰਾਸ਼ਾਜਨਕ ਸੀ। ਇਸ ਲਈ ਉਨ੍ਹਾਂ ਨੇ ਬਹੁਤ ਵਾਰ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ। ਚਿੱਠੀਆਂ ਲਿਖੀਆਂ ਗਈਆਂ। ਰੇਲਵੇ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ। ਇਸ ਸੰਘਰਸ਼ ਸਦਕਾ ਮੁੜ ਇਹ ਗੱਡੀ ਇਸ ਰੂਟ ਉਪਰ ਚਾਲੂ ਹੋਈ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਸਾਂਸਦ ਨੇ ਕਿਹਾ ਕਿ ਬਾਕੀ ਦੀਆਂ ਰੇਲ ਗੱਡੀਆਂ ਵੀ ਇਸੇ ਰੂਟ ਉਪਰ ਛੇਤੀ ਚੱਲਣੀਆਂ ਸ਼ੁਰੂ ਹੋਣਗੀਆਂ।
ਫ਼ਤਿਹਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਂਸਦ ਡਾ. ਅਮਰ ਸਿੰਘ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਦੀ ਬਹੁਤ ਜ਼ਰੂਰਤ ਸੀ। ਕਿਉਂਕਿ ਫ਼ਤਿਹਗੜ੍ਹ ਸਾਹਿਬ, ਪਟਿਆਲਾ, ਰਾਜਪੁਰਾ, ਖੰਨਾ, ਬੱਸੀ ਪਠਾਣਾ ਆਦਿ ਇਲਾਕੇ ਦੀ ਸਿੱਖ ਸੰਗਤ ਖੰਨਾ ਤੇ ਸਰਹਿੰਦ ਤੋਂ ਇਸ ਗੱਡੀ ਰਾਹੀਂ ਜਾਂਦੀ ਸੀ। ਪ੍ਰੰਤੂ ਰੂਟ ਬਦਲਣ ਕਰਕੇ ਬਹੁਤ ਸਾਰੀ ਸੰਗਤ ਨੇ ਦਰਸ਼ਨ ਨਹੀਂ ਕੀਤੇ। ਹੁਣ ਮੁੜ ਸੰਗਤ ਆਸਾਨੀ ਨਾਲ ਸ੍ਰੀ ਨਾਂਦੇੜ ਸਾਹਿਬ ਜਾਵੇਗੀ।