ਮੇਰਠ: ਮੇਰਠ ਦੇ ਹਸਤੀਨਾਪੁਰ ਦੀ ਰਾਮਲੀਲਾ ਗਰਾਊਂਡ ਕਾਲੋਨੀ 'ਚ ਬੈਂਕ ਮੈਨੇਜਰ ਦੀ ਗਰਭਵਤੀ ਪਤਨੀ ਅਤੇ ਪੰਜ ਸਾਲ ਦੇ ਬੇਟੇ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਹੈ। ਦੂਜੇ ਮੁਲਜ਼ਮ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਲੁੱਟ ਦਾ ਸਾਮਾਨ ਅਤੇ ਸਕੂਟੀ ਵੀ ਬਰਾਮਦ ਕੀਤੀ ਹੈ। ਦਰਅਸਲ ਚੋਰ ਕਹੇ ਜਾਣ ਤੋਂ ਨਾਰਾਜ਼ ਹੋਏ ਜੀਜੇ ਨੇ ਹੀ ਇਸ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ।
ਦੱਸ ਦੇਈਏ ਕਿ ਸੰਦੀਪ ਕੁਮਾਰ ਬੈਂਕ ਵਿੱਚ ਮੈਨੇਜਰ ਹੈ। ਸੋਮਵਾਰ ਨੂੰ ਸੰਦੀਪ ਬੈਂਕ ਤੋਂ ਡਿਊਟੀ ਕਰਕੇ ਘਰ ਪਹੁੰਚਿਆ ਤੇ ਆ ਕੇ ਵੇਖਿਆ ਕਿ ਘਰ ਨੂੰ ਤਾਲਾ ਲੱਗਾ ਹੋਇਆ ਸੀ। ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਅੰਦਰ ਬੈੱਡ ਦੇ ਅੰਦਰ ਗਰਭਵਤੀ ਪਤਨੀ ਸ਼ਿਖਾ ਅਤੇ ਪੁੱਤਰ ਰੁਦਰਾਂਸ਼ ਦੀ ਲਾਸ਼ ਪਈ ਸੀ। ਘਰ ਦੇ ਅੰਦਰੋਂ 14 ਲੱਖ ਰੁਪਏ ਦੇ ਗਹਿਣੇ ਅਤੇ 2.5 ਲੱਖ ਰੁਪਏ ਦੀ ਨਕਦੀ ਅਤੇ ਸਕੂਟੀ ਵੀ ਗਾਇਬ ਸੀ।
ਪੁਲਿਸ ਨੇ ਲੁੱਟ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਖਾ ਦੇ ਪਿਤਾ ਪ੍ਰਕਾਸ਼ ਅਤੇ ਪਤੀ ਸੰਦੀਪ ਨੇ ਨੋਇਡਾ ਰਹਿ ਰਹੇ ਹਰੀਸ਼ 'ਤੇ ਕਤਲ ਦਾ ਸ਼ੱਕ ਜਤਾਇਆ ਸੀ। ਪੁਲਿਸ ਨੇ ਹਰੀਸ਼ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਹਰੀਸ਼ ਨੇ ਪੁਲਿਸ ਨੂੰ ਦੱਸਿਆ ਕਿ ਸੰਦੀਪ ਵਿਆਹ ਤੋਂ ਬਾਅਦ ਪਰਿਵਾਰ ਤੋਂ ਦੂਰ ਹੋ ਗਿਆ ਸੀ। ਇਸੇ ਦੁਸ਼ਮਣੀ ਕਾਰਨ ਸੰਦੀਪ ਦੀ ਗਰਭਵਤੀ ਪਤਨੀ ਸ਼ਿਖਾ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਉਸ ਨੇ ਉਹਨਾਂ ਦੇ ਜੀਜੇ ਰਵੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਹਰੀਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਰਵੀ ਦੀ ਗ੍ਰਿਫ਼ਤਾਰੀ ਲਈ ਉਸ ਦੇ ਘਰ ਛਾਪਾ ਮਾਰਿਆ। ਦੋਸ਼ੀ ਰਵੀ ਨੇ ਡਰ ਦੇ ਮਾਰੇ ਆਪਣੇ ਘਰ 'ਚ ਫਾਹਾ ਲੈ ਲਿਆ। ਰਵੀ ਤੇ ਸੰਦੀਪ ਦੇ ਘਰੋਂ ਲੁੱਟੇ ਗਏ ਗਹਿਣੇ ਅਤੇ ਨਕਦੀ ਬਰਾਮਦ ਹੋਈ। ਰਵੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਐਸਪੀ ਕ੍ਰਾਈਮ ਅਨੀਤ ਕੁਮਾਰ ਨੇ ਦੱਸਿਆ ਕਿ ਹਰੀਸ਼ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਮੁਲਜ਼ਮ ਰਵੀ ਹਰੀਸ਼ ਦੇ ਸਾਲੇ ਦਾ ਭਰਾ ਹੈ।