ਨਵੀਂ ਦਿੱਲੀ : ਗੇਮਿੰਗ ਉਦਯੋਗ ਦੀ ਟੈਕਸ ਚੋਰੀ ਹੁਣ ਆਈ.ਟੀ ਵਿਭਾਗ ਦੇ ਰਡਾਰ ’ਤੇ ਆ ਗਈ ਹੈ। ਸੀ.ਬੀ.ਡੀ.ਟੀ. ਨੇ ਆਨਲਾਈਨ ਗੇਮ ਜੇਤੂਆਂ ਨੂੰ ਅਪਡੇਟਿਡ ਇਨਕਮ ਟੈਕਸ (ਆਈ.ਟੀ.ਆਰ.-ਯੂ) ਫਾਈਲ ਕਰਨ ਲਈ ਕਿਹਾ ਹੈ। ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਆਨਲਾਈਨ ਗੇਮਾਂ ਤੋਂ ਹੋਣ ਵਾਲੀ ਆਮਦਨ ਦਾ ਵੇਰਵਾ ਦੇਣਾ ਅਤੇ ਇਸ ’ਤੇ ਟੈਕਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ।
ਗੁਪਤਾ ਨੇ ਇਕ ਗੇਮਿੰਗ ਪੋਰਟਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਪੋਰਟਲ ਨੇ ਪਿਛਲੇ 3 ਸਾਲਾਂ ’ਚ 58, 000 ਕਰੋੜ ਰੁਪਏ ਯੂਜ਼ਰਜ਼ ਨੂੰ ਜਿੱਤ ਦੀ ਰਕਮ ਦੇ ਰੂਪ ’ਚ ਵੰਡੇ ਹਨ। ਇਸ ਪੋਰਟਲ ਦੇ 8 ਮਿਲੀਅਨ ਤੋਂ ਵੱਧ ਯੂਜ਼ਰਜ਼ ਹਨ। ਵਿਭਾਗ ਨੇ ਅੱਗੇ ਕਿਹਾ ਕਿ ਜੇਤੂਆਂ ਨੂੰ ਬਿਨਾਂ ਕਿਸੇ ਛੋਟ ਦੇ ਜੇਤੂ ਰਕਮ ਦਾ 30 ਫੀਸਦੀ ਟੈਕਸ ਅਤੇ ਵਿਆਜ ਅਦਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟੈਕਸ ਅਤੇ ਦੇਣਯੋਗ ਵਿਆਜ ’ਤੇ ਵੀ 25 ਤੋਂ 30 ਫੀਸਦੀ ਦਾ ਵਾਧੂ ਭੁਗਤਾਨ ਕਰਨਾ ਹੋਵੇਗਾ। ਜੇਕਰ ਜੇਤੂਆਂ ਨੇ ਸਮਾਂ ਹੱਦ ਤੱਕ ਟੈਕਸ ਦਾ ਭੁਗਤਾਨ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਨਿਿਤਨ ਗੁਪਤਾ ਨੇ ਕਿਹਾ ਹੈ ਕਿ ਆਮਦਨ ਕਰ ਵਿਭਾਗ ਟੈਕਸ ਚੋਰੀ ’ਤੇ ਲਗਾਮ ਪਾਉਣ ਲਈ ਅਰਥਵਿਵਸਥਾ ਦੇ ‘ਨਵੇਂ ਖੇਤਰਾਂ’ ’ਚ ਦਸਤਕ ਦੇ ਰਿਹਾ ਹੈ ਅਤੇ ਵਿਦੇਸ਼ਾਂ ’ਚ ਜਾਇਦਾਦ ਰੱਖਣ ਵਾਲੇ ਭਾਰਤੀਆਂ ਬਾਰੇ ਅੰਕੜਿਆਂ ਦੇ ਵਿਸ਼ਲੇਸ਼ਣ ਦਾ ਤਰੀਕਾ ਅਪਣਾ ਰਿਹਾ ਹੈ। ਆਮਦਨ ਕਰ ਵਿਭਾਗ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਸੀ.ਬੀ.ਡੀ.ਟੀ. ਟੈਕਸ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਦੇਸ਼ ਪੱਧਰੀ ਤਲਾਸ਼ੀ ਅਭਿਆਨ ਚਲਾਉਂਦਾ ਹੈ ਅਤੇ ਸ਼ੱਕੀ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਚਲਾਉਂਦਾ ਹੈ। ਇਸ ਤੋਂ ਇਲਾਵਾ ਉਹ ਡਾਇਰੈਕਟ ਟੈਕਸ ਸ਼੍ਰੇਣੀ ਦੇ ਤਹਿਤ ਸਰਕਾਰ ਲਈ ਮਾਲੀਆ ਵੀ ਇਕੱਠਾ ਕਰਦਾ ਹੈ।