Friday, November 22, 2024
 

ਪੰਜਾਬ

ਅੰਮ੍ਰਿਤਸਰ 'ਚ ਇੰਸਪੈਕਟਰ ਦੀ ਕਾਰ ਹੇਠ ਬੰਬ ਰੱਖਣ ਵਾਲੇ ਮਾਮਲੇ ਵਿਚ ਵੱਡਾ ਖੁਲਾਸਾ

August 19, 2022 08:45 AM

ਚਾਚਾ-ਭਤੀਜਾ ਗ੍ਰਿਫ਼ਤਾਰ, ਗੈਂਗਸਟਰ ਲਖਬੀਰ ਨੂੰ ਫ਼ੋਨ ਕਰ ਕੇ ਕਿਹਾ, ਕੰਮ ਹੋ ਗਿਆ

ਅੰਮ੍ਰਿਤਸਰ : ਅੰਮ੍ਰਿਤਸਰ 'ਚ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਆਈਈਡੀ ਬੰਬ ਰੱਖਣ ਦੇ ਦੋਸ਼ ’ਚ ਦਿੱਲੀਓਂ ਫੜੇ ਗਏ ਦੋਵੇਂ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਦੇ ਰਹਿਣ ਵਾਲੇ ਹਨ। ਜੇਕਰ ਪੁਲਿਸ ਦੋਸ਼ੀਆਂ ਨੂੰ ਫੜਨ 'ਚ ਥੋੜ੍ਹੀ ਦੇਰੀ ਕਰਦੀ ਤਾਂ ਦੋਵੇਂ ਦੋਸ਼ੀ ਮਾਲਦੀਵ ਭੱਜ ਗਏ ਹੁੰਦੇ ਪਰ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਚਾਚਾ-ਭਤੀਜਾ ਦੱਸੇ ਜਾ ਰਹੇ ਹਨ।

ਦੋਵੇਂ ਮੁਲਜ਼ਮ ਹਰਪਾਲ ਅਤੇ ਫਤਿਹਦੀਪ ਨੇ ਰਣਜੀਤ ਐਵੀਨਿਊ 'ਚ ਬੰਬ ਲਗਾਉਣ ਤੋਂ ਬਾਅਦ ਦਿੱਲੀ ਦਾ ਰਸਤਾ ਫੜ ਲਿਆ ਸੀ। ਦੋਵਾਂ ਨੇ ਰਾਤ ਸਮੇਂ ਕੈਨੇਡਾ ਬੈਠੇ ਲਖਬੀਰ ਸਿੰਘ ਲੰਡਾ ਨੂੰ ਫੋਨ ਕਰਕੇ ਬੰਬ ਲਗਾਉਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਲੰਡਾ ਨੇ ਦੋਵਾਂ ਨੂੰ ਫਲਾਈਟ ਫੜ ਕੇ ਜਲਦੀ ਕੈਨੇਡਾ ਆਉਣ ਲਈ ਕਿਹਾ। ਉਸ ਨੇ ਇਹ ਸੁਨੇਹਾ ਵੀ ਦਿੱਤਾ ਕਿ ਪਾਕਿਸਤਾਨ ਵਿਚ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਜਲਦੀ ਹੀ ਉਨ੍ਹਾਂ ਦੀ ਪੇਮੈਂਟ ਕਰਵਾ ਦੇਵੇਗਾ।

ਦੱਸਣਯੋਗ ਹੈ ਕਿ ਹਰਪਾਲ ਸਿੰਘ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਸੀ ਪਰ ਉਸ ਦੇ ਪਹਿਲਾਂ ਤੋਂ ਹੀ ਵਿਦੇਸ਼ਾਂ ਵਿੱਚ ਬੈਠੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਨਾਲ ਸਬੰਧ ਸਨ। ਕੁਝ ਸਾਲ ਪਹਿਲਾਂ ਫਤਿਹਦੀਪ ਆਪਣੇ ਚਾਚੇ ਹਰਪਾਲ ਦੀ ਸੰਗਤ ਵਿਚ ਆ ਗਿਆ ਸੀ। ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਫਤਿਹਦੀਪ ਨੂੰ ਉਸ ਦੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਸੀ।ਫਤਿਹਦੀਪ ਦੇ ਪਿਤਾ ਤਰਸੇਮ ਸਿੰਘ ਨੇ ਆਪਣੇ ਪੁੱਤਰ ਦੀਆਂ ਗਲਤ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ।

ਇਸ ਦੇ ਨਾਲ ਹੀ ਪੁਲਿਸ ਨੇ ਹਰਪਾਲ ਅਤੇ ਫਤਿਹਦੀਪ ਦੋਵਾਂ ਕੋਲੋਂ ਮਾਲਦੀਵ ਦੀਆਂ ਟਿਕਟਾਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 4000 ਡਾਲਰ ਅਤੇ ਕਰੀਬ 2.50 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਇਹ ਪੈਸੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੋਂ ਹੀ ਮਿਲੇ ਹਨ।

ਦੱਸਿਆ ਜਾਂਦਾ ਹੈ ਕਿ ਫਤਿਹਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਸੀ , ਜਿਸ ਕਾਰਨ ਕਰੀਬ ਛੇ ਮਹੀਨੇ ਪਹਿਲਾਂ ਫਤਿਹਦੀਪ ਨੂੰ ਉਸ ਦੀ ਮਾਂ ਨੇ ਘਰੋਂ ਕੱਢ ਦਿੱਤਾ ਸੀ। ਉਸ ਦੀ ਮਾੜੀ ਸੰਗਤ ਦਾ ਅਸਰ ਉਸ ਦੇ ਚਾਚਾ ਹਰਪਾਲ ਸਿੰਘ ਉਰਫ਼ ਪਾਲਾ ’ਤੇ ਹੋ ਗਿਆ। ਹਰਪਾਲ ਸਿੰਘ ਆਈਆਰਬੀ ਵਿਚ ਤਾਇਨਾਤ ਹੈੱਡ ਕਾਂਸਟੇਬਲ ਹੈ। ਹਰਪਾਲ ਸਿੰਘ ਪਾਲਾ ਪਹਿਲਾਂ ਨਸ਼ੇ ਦਾ ਆਦੀ ਸੀ। ਕੁਝ ਸਮਾਂ ਪਹਿਲਾਂ ਉਹ ਨਸ਼ਾ ਛੱਡ ਕੇ ਆਈਆਰਬੀ ਵਿਚ ਭਰਤੀ ਹੋ ਗਿਆ ਸੀ।

ਦੱਸ ਦੇਈਏ ਕਿ ਦੋਵੇਂ ਮੁਲਜ਼ਮਾਂ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਨੇ 15-16 ਅਗਸਤ ਦੀ ਰਾਤ ਕਰੀਬ 3 ਵਜੇ ਸਬ -ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਬੰਬ ਲਗਾਇਆ ਸੀ। ਇਸ ਤੋਂ ਬਾਅਦ ਦੋਵੇਂ ਦਿੱਲੀ ਲਈ ਰਵਾਨਾ ਹੋ ਗਏ। 16 ਅਗਸਤ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਹਰਪਾਲ ਅਤੇ ਫਤਿਹਦੀਪ ਦਾ ਮੋਬਾਈਲ ਟਰੇਸ ਕੀਤਾ ਅਤੇ ਮੋਬਾਈਲ ਦੇ ਸਿਗਨਲ ਪੰਜਾਬ ਪੁਲਿਸ ਨੂੰ ਦਿੱਲੀ ਲੈ ਗਏ।

 

 

Have something to say? Post your comment

 
 
 
 
 
Subscribe