ਫਿਰੋਜ਼ਪੁਰ : ਇਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਤਰਸੇਮ ਸਿੰਘ ਜੋਧਾ ਦੀ ਪਿੱਠ ’ਤੇ ਪੰਜਾਬੀ ਭਾਸ਼ਾ 'ਚ 'ਗੈਂਗਸਟਰ' ਲਿਖਿਆ ਗਿਆ।
ਅਦਾਲਤ ਦੇ ਆਦੇਸ਼ਾਂ ਅਨੁਸਾਰ ਜਦ ਤਰਸੇਮ ਜੋਧਾ ਦਾ ਹਸਪਤਾਲ ਵਿੱਚ ਮੈਡੀਕਲ ਹੋਣ ਲੱਗਾ ਤਾਂ ਡਾਕਟਰਾਂ ਨੇ ਦੇਖਿਆ ਕਿ ਉਸ ਦੀ ਪਿੱਠ ’ਤੇ ਪੰਜਾਬੀ ਭਾਸ਼ਾ ਵਿੱਚ 'ਗੈਂਗਸਟਰ' ਲਿਖਿਆ ਹੋਇਆ ਸੀ। ਹਵਾਲਾਤੀ ਨੇ ਦੋਸ਼ ਲਾਇਆ ਕਿ ਲੋਹੇ ਦੀਆਂ ਗਰਮ ਸਲਾਖਾਂ ਨਾਲ ਉਸ ਦੀ ਪਿੱਠ ’ਤੇ ਗੈਂਗਸਟਰ ਸ਼ਬਦ ਫਿਰੋਜ਼ਪੁਰ ਜੇਲ੍ਹ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਤਰਸੇਮ ਸਿੰਘ ਉਰਫ਼ ਜੋਧਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਿਰਜ਼ਾਪੁਰ ਥਾਣਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਅੱਜ ਪੇਸ਼ੀ ਲਈ ਕਪੂਰਥਲਾ ਦੀ ਅਦਾਲਤ ਵਿੱਚ ਲਿਜਾਇਆ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਇਸ ਹਵਾਲਾਤੀ ਦਾ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ।
ਜਦੋਂ ਹਵਾਲਾਤੀ ਜੋਧਾ ਨੇ ਮੈਡੀਕਲ ਕਰਵਾਉਣ ਲਈ ਆਪਣੀ ਕਮੀਜ਼ ਉਤਾਰੀ ਤਾਂ ਉਸ ਦੀ ਪਿੱਠ ’ਤੇ ਲਿਖਿਆ ਇਹ ਸ਼ਬਦ ਦੇਖ ਕੇ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਮੈਂਬਰ ਹੈਰਾਨ ਰਹਿ ਗਏ ਤੇ ਜਦੋਂ ਉਨ੍ਹਾਂ ਜੋਧਾ ਨੂੰ ਪੁੱਛਿਆ ਕਿ ਇਹ ਕਿਸ ਨੇ ਲਿਖਿਆ ਹੈ ਤਾਂ ਹਵਾਲਾਤੀ ਨੇ ਜਵਾਬ ਦਿੱਤਾ ਕਿ ਜੇਲ੍ਹ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੀ ਪਿੱਠ ’ਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਗੈਂਗਸਟਰ ਸ਼ਬਦ ਲਿਖਿਆ ਗਿਆ ਹੈ।