Saturday, November 23, 2024
 

ਪੰਜਾਬ

‘ਲੰਪੀ ਸਕਿਨ’ ਬੀਮਾਰੀ ਕਾਰਨ ਦੁੱਧ ਪੀਣ ਤੋਂ ਡਰਨ ਲੱਗੇ ਲੋਕ

August 13, 2022 11:25 AM

ਰਮਦਾਸ : ਜਿਥੇ ਇਕ ਪਾਸੇ ਪਹਿਲਾਂ ਲੋਕਾਂ ਨੇ ਕੋਰੋਨਾ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਕੀਤਾ, ਉਥੇ ਹੁਣ ਪਸ਼ੂਆਂ ਵਿਚ ‘ਲੰਪੀ ਸਕਿਨ’ ਨਾਮ ਦੀ ਨਵੀਂ ਬੀਮਾਰੀ ਫੈਲਣ ਨਾਲ ਲੋਕ ਪੂਰੀ ਤਰ੍ਹਾਂ ਖੌਫਜਦਾ ਹੋ ਗਏ ਹਨ। ਉਨ੍ਹਾਂ ਵਿਚ ਇਸ ਵੇਲੇ ਭਾਰੀ ਡਰ ਅਤੇ ਸਹਿਮ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਗਾਂਵਾਂ ਨੂੰ ਹੋ ਰਹੀ ਲੰਪੀ ਸਕਿਨ ਦੀ ਬੀਮਾਰੀ ਨੂੰ ਲੈ ਕੇ ਜਿਥੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ, ਉਥੇ ਲੋਕ ਦੁੱਧ ਪੀਣ ਤੋਂ ਵੀ ਡਰਨ ਲੱਗੇ ਹਨ। ਉਨ੍ਹਾਂ ਦੇ ਮਨਾਂ ਅੰਦਰ ਇਹ ਖਿਆਲ ਘਰ ਕਰ ਗਿਆ ਹੈ, ਜੇਕਰ ਉਹ ਦੁੱਧ ਪੀਣਗੇ ਤਾਂ ਹੋ ਸਕਦਾ ਹੈ ਕਿ ਇਹ ਬੀਮਾਰੀ ਉਨ੍ਹਾਂ ਨੂੰ ਵੀ ਲੱਗ ਜਾਵੇ।ਦੂਜੇ ਪਾਸੇ ਜੇਕਰ ਪਸ਼ੂ ਪਾਲਣ ਵਿਭਾਗ ਵਿਚ ਤਾਇਨਾਤ ਉੱਚ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਮਹਿਜ਼ ਇਸ ਨੂੰ ਇਕ ਅਫਵਾਹ ਤੋਂ ਸਿਵਾਏ ਕੁਝ ਨਹੀਂ ਦਸ ਰਹੇ, ਕਿਉਂਕਿ ਇਸ ਲੰਪੀ ਸਕਿਨ ਬੀਮਾਰੀ ਕਾਰਨ ਪਸ਼ੂਆਂ ਦੀ ਮੌਤ ਦਰ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਪਸ਼ੂ ਪਾਲਕ ਕਾਫੀ ਚਿੰਤਾ ਵਿਚ ਦਿਖਾਈ ਦੇ ਰਹੇ ਹਨ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਚਾਹੇ ਪੰਜਾਬ ਸਰਕਾਰ ਵਲੋਂ ਇਸ ਉਕਤ ਭਿਆਨਕ ਬੀਮਾਰੀ ਦੇ ਖਾਤਮੇ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਅਤੇ ਵੈਟਰਨਰੀ ਅਫ਼ਸਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪਸ਼ੂਆਂ ਦਾ ਬਣਦਾ ਇਲਾਜ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਪਿੰਡਾਂ ਵਿਚ ਭੇਜੀਆਂ ਵੀ ਜਾ ਰਹੀਆਂ ਹਨ। ਪਸ਼ੂਆਂ ਵਿਚ ਫੈਲ ਰਹੀ ਲੰਪੀ ਸਕਿਨ ਬੀਮਾਰੀ ਸਬੰਧੀ ਜਦੋਂ ਡਿਪਟੀ ਡਾਇਰੈਕਟਰ ਜ਼ਿਲ੍ਹਾ ਅੰਮ੍ਰਿਤਸਰ ਨਿਰਵੈਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦਾ ਗਊਆਂ ਵਿਚ ਫੈਲਣਾ ਜਿਥੇ ਇਕ ਚਿੰਤਾ ਦਾ ਵਿਸ਼ਾ ਹੈ। ਉਥੇ ਨਾਲ ਹੀ ਸੂਬਾ ਸਰਕਾਰ ਇਸ ਨੂੰ ਕੰਟਰੋਲ ਕਰਨ ਲਈ ਨਿੱਤ ਨਵੇਂ ਯਤਨ ਕਰ ਰਹੀ ਹੈ ਅਤੇ ਹੁਣ ਸੂਬਾ ਸਰਕਾਰ ਵਲੋਂ ਮੰਗਵਾਈ ਗਈ ਗੋਟਪੋਕਸ ਵੈਕਸੀਨ ਪਸ਼ੂਆਂ ਨੂੰ ਲੱਗਣ ਨਾਲ ਇਸ ’ਤੇ ਕਾਫੀ ਹੱਦ ਤੱਕ ਕੰਟਰੋਲ ਪਾਇਆ ਜਾ ਸਕੇਗਾ। ਉਨ੍ਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੁੱਧ ਪੀਣ ਨਾਲ ਇਹ ਬੀਮਾਰੀ ਨਹੀਂ ਫੈਲਦੀ ਹੈ ਤੇ ਇਸ ਲਈ ਦੁੱਧ ਨੂੰ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਉਬਾਲ ਕੇ ਪੀਤਾ ਜਾਵੇ, ਕੱਚਾ ਨਾ ਪੀਓ, ਅਤੇ ਕਿਸੇ ਤਰ੍ਹਾਂ ਦੀ ਅਫਵਾਹ ਤੋਂ ਬਚਿਆ ਜਾਵੇ।

 

Have something to say? Post your comment

Subscribe