ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਇੰਡਸਟਰੀਅਲ ਏਰੀਆ ਦੇ ਯੂਕੋ ਬੈਂਕ ਲੁੱਟ ਕਾਂਡ ਨੂੰ ਇਕ ਹਫ਼ਤੇ ਦੇ ਅੰਦਰ ਹੀ ਟਰੇਸ ਕਰਕੇ 2 ਲੁਟੇਰਿਆਂ ਸਣੇ ਲੁੱਟ ਦੀ ਸਾਜ਼ਿਸ਼ ’ਚ ਸ਼ਾਮਲ ਸਾਜ਼ਿਸ਼ਕਰਤਾ ਗੋਪੀ ਦੇ ਭਰਾ ਅਜੈਪਾਲ ਨਿਹੰਗ ਨੂੰ ਗ੍ਰਿਫ਼ਤਾਰ ਕਰ ਲਿਆ। ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਬੁਲਾ ਕੇ ਖ਼ੁਲਾਸਾ ਕੀਤਾ ਕਿ ਇਸ ਲੁੱਟ ਕਾਂਡ ਦੀ ਸਾਜ਼ਿਸ਼ ਰਚਣ ਵਾਲਾ 10 ਸਾਲਾਂ ਤੋਂ ਭਗੌੜਾ ਮੁਜਰਿਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਹੈ। ਗੋਪੀ ਖ਼ੁਦ ਤਾਂ ਮੁਲਜ਼ਮ ਹੈ ਹੀ, ਉਸ ਦੇ ਭਰਾ ਅਜੈਪਾਲ ਨਿਹੰਗ ਖ਼ਿਲਾਫ਼ ਵੀ 2-2 ਹੱਤਿਆਵਾਂ ਸਮੇਤ 10 ਅਪਰਾਧਿਕ ਕੇਸ ਦਰਜ ਹਨ। ਗੋਪੀ ਪਾਕਿਸਤਾਨ ’ਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਰਿੰਦਾ ਦਾ ਸਾਥੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟੇ ਪੈਸਿਆਂ ’ਚੋਂ ਸਾਢੇ 7 ਲੱਖ ਰੁਪਏ ਬਰਾਮਦ ਕਰ ਲਏ ਹਨ।
ਸੀ. ਪੀ. ਸੰਧੂ ਨੇ ਦੱਸਿਆ ਕਿ ਲੁੱਟ ਕਾਂਡ ’ਚ ਸ਼ਾਮਲ ਲੁਟੇਰਿਆਂ ਦੀ ਪਛਾਣ ਵਿਨੇ ਤਿਵਾੜੀ (21) ਪੁੱਤਰ ਸਿਪਾਹੀ ਤਿਵਾੜੀ ਨਿਵਾਸੀ ਉੱਤਮ ਨਗਰ ਬਸਤੀ ਸ਼ੇਖ, ਤਰੁਣ ਨਾਹਰ ਪੁੱਤਰ ਕ੍ਰਿਸ਼ਨ ਕੁਮਾਰ ਨਿਵਾਸੀ ਕੋਟ ਮੁਹੱਲਾ ਤੇ ਅਜੈਪਾਲ ਨਿਹੰਗ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਉੱਤਮ ਨਗਰ ਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਗੋਪੀ ਹੈ। ਪੁਲਿਸ ਨੇ ਵਿਨੇ, ਤਰੁਣ ਅਤੇ ਨਿਹੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਗੋਪੀ ਅਜੇ ਫ਼ਰਾਰ ਹੈ। ਬੈਂਕ ’ਚ ਲੁੱਟ ਲਈ ਵਿਨੇ, ਤਰੁਣ ਅਤੇ ਗੋਪੀ ਗਏ ਸਨ, ਜਦਕਿ ਨਿਹੰਗ ਦੇ ਘਰ ਜਦੋਂ ਬੈਂਕ ਨੂੰ ਲੁੱਟਣ ਦੀ ਸਾਜ਼ਿਸ਼ ਰਚੀ ਗਈ ਤਾਂ ਉਦੋਂ ਨਿਹੰਗ ਵੀ ਮੌਕੇ ਮੌਜੂਦ ਸੀ ਅਤੇ ਫੋਨ ’ਤੇ ਸਾਰੀ ਜਾਣਕਾਰੀ ਹਾਸਲ ਕਰ ਰਿਹਾ ਸੀ।
ਸੀ. ਪੀ. ਨੇ ਦੱਸਿਆ ਕਿ ਬੈਂਕ ਨੂੰ ਲੁੱਟਣ ਤੋਂ ਬਾਅਦ ਮੁਲਜ਼ਮ ਜਦੋਂ ਪੁਲਿਸ ਨੂੰ ਝਕਾਨੀ ਦੇਣ ਲਈ ਨਿੱਝਰਾਂ ਪਿੰਡ ’ਚ ਗਏ ਸਨ, ਉਥੋਂ ਵਿਨੇ ਨੇ ਐਕਟਿਵਾ ਦੀ ਨੰਬਰ ਪਲੇਟ ਤੋਂ ਟੇਪ ਹਟਾਈ ਅਤੇ ਐਕਟਿਵਾ ’ਤੇ ਪੱਠੇ ਰੱਖ ਕੇ ਵਾਪਸ ਜਲੰਧਰ ਵੱਲ ਆ ਗਿਆ, ਜਦਕਿ ਤਰੁਣ ਅਤੇ ਗੋਪੀ ਆਟੋ ’ਚ ਵਾਪਸ ਆਏ। ਘਾਹ ਮੰਡੀ ’ਚ ਲੱਗੇ ਇਕ ਐੱਚ. ਡੀ. ਐੱਫ਼. ਦੇ ਸੀ. ਸੀ. ਟੀ. ਵੀ. ਕੈਮਰੇ ’ਚ ਕਾਲੇ ਰੰਗ ਦੀ ਐਕਟਿਵਾ ਦਾ ਨੰਬਰ ਕਲੀਅਰ ਹੋ ਗਿਆ, ਜਿਹੜਾ ਗੋਪੀ ਦੀ ਪਤਨੀ ਦੇ ਨਾਂ ’ਤੇ ਨਿਕਲਿਆ। ਵਿਨੇ ਨੇ ਰਸਤੇ ’ਚ ਕਾਲੇ ਰੰਗ ਦੀ ਐਕਟਿਵਾ ਛੱਡ ਕੇ ਦੂਜੀ ਐਕਟਿਵਾ ਲੈ ਲਈ ਸੀ। ਪੁਲਿਸ ਜਦੋਂ ਗੋਪੀ ਦੇ ਘਰ ਪਹੁੰਚੀ ਤਾਂ ਘਰ ਦੇ ਸਾਹਮਣੇ ਹੀ ਕਾਲੇ ਰੰਗ ਦੀ ਐਕਟਿਵਾ ਖੜ੍ਹੀ ਮਿਲੀ, ਜਿਸ ਬਾਰੇ ਗੋਪੀ ਅਤੇ ਉਸ ਦੇ ਭਰਾ ਨਿਹੰਗ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਹੀਂ ਸੀ। ਪੁਲਸ ਨੇ ਘਰੋਂ ਮਿਲੇ ਨਿਹੰਗ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਵਾਰਦਾਤ ਕਬੂਲ ਲਈ। ਉਸ ਨੇ ਦੱਸਿਆ ਕਿ ਲੁੱਟ ਕਾਂਡ ਦੀ ਸਾਜ਼ਿਸ਼ ਵਿਚ ਉਹ ਵੀ ਸ਼ਾਮਲ ਸੀ, ਜਦਕਿ ਸਾਰੀ ਸਾਜ਼ਿਸ਼ ਉਸਦੇ ਭਰਾ ਗੋਪੀ ਨੇ ਰਚੀ ਸੀ। ਪੁਲਸ ਨੇ ਨਿਹੰਗ ਕੋਲੋਂ ਪੁੱਛਗਿੱਛ ਤੋਂ ਬਾਅਦ ਵਿਨੇ ਅਤੇ ਤਰੁਣ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਤੋਂ 315 ਬੋਰ ਦਾ ਹਥਿਆਰ ਵੀ ਬਰਾਮਦ ਹੋਇਆ ਹੈ। ਲੁੱਟ ਤੋਂ ਬਾਅਦ ਗੋਪੀ ਆਪਣੇ ਦੇਸੀ ਕੱਟੇ ਅਤੇ ਹਿੱਸੇ ਦੇ ਪੈਸੇ ਲੈ ਕੇ ਫ਼ਰਾਰ ਹੋ ਗਿਆ ਸੀ।
ਸੀ. ਪੀ. ਨੇ ਦੱਸਿਆ ਕਿ ਗੋਪੀ ਖ਼ਿਲਾਫ਼ ਇਕ ਕੇਸ ਡਕੈਤੀ, 2 ਕੇਸ ਲੁੱਟ ਅਤੇ ਕਤਲ ਦੀ ਕੋਸ਼ਿਸ਼ ਦਾ ਇਕ ਕੇਸ ਦਰਜ ਹੈ। ਤਿੰਨਾਂ ਕੇਸਾਂ ਵਿਚ ਉਹ ਭਗੌੜਾ ਹੈ ਅਤੇ 10 ਸਾਲਾਂ ਤੋਂ ਪੁਲਸ ਉਸਦੀ ਭਾਲ ਵਿਚ ਹੈ। ਨਿਹੰਗ ਖ਼ਿਲਾਫ਼ 10 ਕੇਸ ਦਰਜ ਹਨ, ਜਿਨ੍ਹਾਂ ਵਿਚੋਂ 2 ਹੱਤਿਆਵਾਂ, ਲੜਾਈ, ਫਾਇਰਿੰਗ ਅਤੇ ਲੁੱਟ ਦੇ ਹਨ। ਉਨ੍ਹਾਂ ਕਿਹਾ ਕਿ ਗੋਪੀ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਦੀ ਰਕਮ ਉਸ ਕੋਲੋਂ ਬਰਾਮਦ ਕੀਤੀ ਜਾਵੇਗੀ, ਜਦੋਂ ਕਿ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁੱਟ ਦੀਆਂ ਹੋਰ ਵਾਰਦਾਤਾਂ ਦੇ ਟਰੇਸ ਹੋਣ ਦੀ ਵੀ ਉਮੀਦ ਹੈ।