ਡੇਰਾ ਬਾਬਾ ਨਾਨਕ : ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਰਾਹੀਂ ਭਾਰਤ-ਪਾਕਿ ਵੰਡ ਦੌਰਾਨ 75 ਸਾਲ ਬਾਅਦ ਸੋਮਵਾਰ ਨੂੰ ਚਾਚਾ ਸਵਰਨ ਸਿੰਘ (92), ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ (81) ਨੂੰ ਮਿਲ ਕੇ ਬਾਗ਼ੋਬਾਗ ਹੋ ਗਿਆ।
ਇਥੇ ਦਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿਸਤਾਨ ਵੰਡ ਦੌਰਾਨ ਵਿਛੜੇ ਪ੍ਰਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੋਮਵਾਰ ਨੂੰ ਸਵਰਨ ਸਿੰਘ ਵਾਸੀ ਹਾਜੀਪੁਰ ਜਲੰਧਰ ਦੀ ਬੇਟੀ ਰਛਪਾਲ ਕੌਰ ਸਮੇਤ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਪੈਸੰਜਰ ਟਰਮੀਨਲ ’ਤੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਸਿਹਤ ਕਰਮਚਾਰੀਆਂ ਤੋਂ ਪੋਲੀਓ ਬੂੰਦਾਂ ਪੀਤੀਆਂ ਉਪਰੰਤ ਇਮੀਗ੍ਰੇਸ਼ਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਭਾਰਤ-ਪਾਕਿ ਦੀ ਜ਼ੀਰੋ ਲੈ ਤੇ ਲੱਗੇ ਗੇਟ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਏ।
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਪਣੇ ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ ਨਾਲ ਕਰੀਬ ਸੱਤ ਘੰਟੇ ਰੁਕੇ ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਛੜੇ ਚਾਚੇ ਭਤੀਜੇ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸਵਰਨ ਸਿੰਘ (92) ਨੇ ਦੱਸਿਆ ਕਿ ਅੱਜ ਉਹ ਵੰਡ ਦੌਰਾਨ ਵਿਛੜੇ ਅਪਣੇ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਪਰਤੇ ਹਨ।
ਉਸ ਨੇ ਦਸਿਆ ਕਿ 1947 ਨੂੰ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਥੇ ਭਾਰਤ ਪਾਕਿ ਦੇ ਦੋ ਟੁਕੜੇ ਹੋ ਗਏ ਹਨ, ਜਿਸ ਦੌਰਾਨ ਉਹ ਪਾਕਿਸਤਾਨ ਦੇ ਪਿੰਡ ਚੱਕ 37 ’ਚ ਹੱਸਦੇ ਵੱਸਦੇ ਸਨ ਕਿ ਇਸ ਦੌਰਾਨ ਫੈਲੀ ਨਫ਼ਰਤ ’ਚ ਉਸ ਦੇ ਪਰਵਾਰ ਦੇ ਬਾਈ ਮੈਂਬਰ ਕਤਲ ਹੋ ਗਏ ਸਨ ਜਿਸ ਵਿਚ ਉਸ ਦੇ ਮਾਤਾ ਪਿਤਾ ਦੋ ਭਰਾ ਅਤੇ ਦੋ ਭੈਣਾਂ ਸ਼ਾਮਲ ਸੀ।
ਇਸ ਮੌਕੇ ਉਨ੍ਹਾਂ ਦੀ ਬੇਟੀ ਰਛਪਾਲ ਕੌਰ ਨੇ ਦਸਿਆ ਕਿ ਅੱਜ ਉਨ੍ਹਾਂ ਦਾ ਪਿਤਾ 75 ਸਾਲ ਪਹਿਲਾਂ ਪਰਿਵਾਰ ਨਾਲੋਂ ਵਿਛੜ ਚੁੱਕੇ 6 ਸਾਲ ਦੇ ਭਤੀਜੇ ਮੋਹਨ ਸਿੰਘ ਜਿਸ ਦਾ ਪਾਲਣ ਪੋਸ਼ਣ ਮੁਸਲਮਾਨ ਪਰਵਾਰ ਵਲੋਂ ਕੀਤਾ ਗਿਆ ਅਤੇ ਜਿਸ ਨੂੰ ਅੱਜ ਅਫਜ਼ਲ ਖ਼ਲਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਆਪਣੇ ਛੇ ਪੁੱਤਰਾਂ ਸਮੇਤ ਪਰਵਾਰ ਸਮੇਤ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਰਛਪਾਲ ਕੌਰ ਨੇ ਦਸਿਆ ਕਿ ਉਸ ਦਾ ਪਿਤਾ ਅਤੇ ਚਚੇਰਾ ਭਰਾ ਮੋਹਨ ਸਿੰਘ ਅੱਜ ਸਾਰਾ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿੱਥੇ ਆਪਸ ਵਿਚ ਖ਼ੂਬ ਗੱਲਾਂ ਕੀਤੀਆਂ ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਅਤੇ ਇਕੱਠਿਆਂ ਬੈਠ ਕੇ ਲੰਗਰ ਛਕਿਆ। ਇਸ ਮੌਕੇ ਤੇ ਸਵਰਨ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿ ਵੰਡ ਦੌਰਾਨ ਵਿਛੜੇ ਪਰਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਇਸ ਮੌਕੇ ਤੇ ਉਨ੍ਹਾਂ ਭਾਰਤ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਰਵਾਰ ਦੋਹਾਂ ਦੇਸ਼ਾਂ ਵਿਚ ਵੰਡ ਦੌਰਾਨ ਅਲੱਗ-ਅਲੱਗ ਹੋ ਕੇ ਰਹਿ ਰਹੇ ਹਨ ਉਨ੍ਹਾਂ ਪਰਵਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜ਼ਿਆਦਾ ਦਿਨ ਠਹਿਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਵਿਛੜੇ ਪਰਵਾਰਾਂ ਨੂੰ ਮਿਲਣ ਲਈ ਵਧ ਤੋਂ ਵਧ ਸਮਾਂ ਦਿਤਾ ਜਾਵੇ। ਇਸ ਮੌਕੇ ਬਜ਼ੁਰਗ ਸਵਰਨ ਸਿੰਘ ਨੇ ਦਸਿਆ ਕਿ ਉਸ ਨੂੰ ਆਪਣੇ ਭਤੀਜੇ ਵਿਸਰੇ ਭਤੀਜੇ ਨੂੰ ਮਿਲ ਕੇ ਸਕੂਨ ਮਿਲਿਆ ਹੈ।