ਤੋਰਸ਼ਾਵਨ : ਫੈਰੋ ਆਈਲੈਂਡ ਵਿੱਚ 100 ਬੋਟਲਨੋਜ਼ ਡਾਲਫਿਨ ਦਾ ਬੇਰਹਿਮੀ ਨਾਲ ਸ਼ਿਕਾਰ ਕੀਤਾ ਗਿਆ ਹੈ। ਇੰਨੇ ਵੱਡੇ ਪੈਮਾਨੇ ’ਤੇ ਇਹ 120 ਸਾਲਾਂ ਵਿੱਚ ਬੋਟਲਨੋਜ਼ ਡਾਲਫਿਨ ਦਾ ਸਭ ਤੋਂ ਵੱਡਾ ਸਮੂਹਿਕ ਸ਼ਿਕਾਰ ਮੰਨਿਆ ਜਾ ਰਿਹਾ ਹੈ। ਫੈਰੋ ਆਈਲੈਂਡ ਨੇ 98 ਬਾਲਗਾਂ ਅਤੇ ਇੱਕ ਬੱਚੇ ਦਾ, ਜੋ ਅਜੇ ਮਾਂ ਦੇ ਗਰਭ ਵਿੱਚ ਸੀ ਅਤੇ ਇੱਕ ਛੋਟੇ ਬੱਚੇ ਦਾ ਸ਼ਿਕਾਰ ਕੀਤਾ ਹੈ।ਦੁਨੀਆ ਦੇ ਸਾਹਮਣੇ ਜੋ ਤਸਵੀਰਾਂ ਆਈਆਂ ਹਨ, ਉਹ ਡਰਾਉਣ ਵਾਲੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਡਾਲਫਿਨ ਨੂੰ ਪਹਿਲਾਂ ਕਿਨਾਰੇ ਲਿਜਾਇਆ ਗਿਆ ਅਤੇ ਫਿਰ ਚਾਕੂ, ਬਰਛੇ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ ਗਿਆ।
ਇੰਨੇ ਵੱਡੇ ਪੱਧਰ ’ਤੇ ਡਾਲਫਿਨ ਨੂੰ ਮਾਰਨ ਤੋਂ ਬਾਅਦ, ਕੰਢੇ ’ਤੇ ਪਾਣੀ ਲਾਲ ਹੋ ਗਿਆ। ਜਾਣਕਾਰੀ ਮੁਤਾਬਕ ਇਸ ਤਰ੍ਹਾਂ ਦਾ ਸ਼ਿਕਾਰ ਫੈਰੋ ਟਾਪੂ ਦੇ ਇਤਿਹਾਸ ਦਾ ਰਵਾਇਤੀ ਹਿੱਸਾ ਹੈ। ਪਰ ਜੰਗਲੀ ਜੀਵ ਸੰਗਠਨ ਇਸ ਦੀ ਵਿਆਪਕ ਨਿੰਦਾ ਕਰ ਰਹੇ ਹਨ। ਇਸ ਸ਼ਿਕਾਰ ਨੂੰ ਫਿਲਮਾਉਣ ਵਾਲੀ ਸੰਸਥਾ ਸੀ ਸ਼ੈਫਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਡਾਲਫਿਨ ਸ਼ਿਕਾਰ ਸਿਰਫ ਸ਼ਰਮਨਾਕ ਹੈ ਅਤੇ ਸਿਰਫ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੁੱਸੇ ਦਾ ਕਾਰਨ ਬਣਦਾ ਹੈ।ਮੱਛੀ ਪਾਲਣ ਸਥਾਨਕ ਪੱਧਰ ’ਤੇ ਲੋਕਾਂ ਦਾ ਮੁੱਖ ਉਦਯੋਗ ਹੈ। ਹਰ ਸਾਲ ਇੱਥੇ ਇੰਨੀਆਂ ਮੱਛੀਆਂ ਮਾਰੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਸਰੀਰਾਂ ’ਚੋਂ ਨਿਕਲਣ ਵਾਲੇ ਗੈਰ-ਭੋਜਨ ਪਦਾਰਥਾਂ ਨੂੰ ਟਰੱਕਾਂ ’ਚ ਭਰ ਕੇ ਸਾੜਨ ਲਈ ਲਿਜਾਇਆ ਜਾਂਦਾ ਹੈ। ਇੱਕ ਵਾਰ ਫਿਰ ਦੁਨੀਆ ਭਰ ਦੇ ਲੋਕ ਮੱਛੀਆਂ ਦੇ ਸਮੂਹਿਕ ਕਤਲੇਆਮ ’ਤੇ ਗੁੱਸੇ ਵਿੱਚ ਹਨ।