ਮੋਗਾ : 28 ਜੁਲਾਈ ਨੂੰ ਮੋਗਾ ਵਿਖੇ ਇਕ ਨਿੱਜੀ ਸਕੂਲ ਦੇ ਅਧਿਆਪਕ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਕਾਂਡ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਅਧਿਆਪਕ ਦੇ ਪੁੱਤਰ ਨੇ ਕੀਤਾ ਹੈ।
ਦੱਸਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਅਧਿਆਪਕ ਬੂਟਾ ਸਿੰਘ ਦਾ ਅਣਪਛਾਤਿਆਂ ਵਲੋਂ ਉਸ ਸਮੇਂ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਸਕੂਲ ਤੋਂ ਘਰ ਜਾ ਰਿਹਾ ਸੀ। ਇਹ ਕਤਲ ਮ੍ਰਿਤਕ ਬੂਟਾ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੁਲਨੀਤ ਖੁਰਾਣਾ ਨੇ ਦੱਸਿਆ ਕਿ ਵਾਰਦਾਤ ਮੌਕੇ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਕਾਰ ਵਿਚ ਸੀ ਅਤੇ ਉਸ ਨੇ ਪਹਿਲਾਂ ਆਪਣੇ ਪਿਤਾ ਦੀ ਐਕਟਿਵਾ ਵਿਚ ਟੱਕਰ ਮਾਰੀ, ਜਿਸ ਨਾਲ ਬੂਟਾ ਸਿੰਘ ਸੜਕ ’ਤੇ ਡਿੱਗ ਗਿਆ, ਫਿਰ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਦਰਮਿਆਨ ਅਧਿਆਪਕ ਬੂਟਾ ਸਿੰਘ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਦਾ ਪੁੱਤਰ ਹਰਪ੍ਰੀਤ ਸਿੰਘ ਆਪਣੇ ਪਿਤਾ ਤੋਂ ਵੱਖ ਰਹਿੰਦਾ ਸੀ ਅਤੇ ਪਿਤਾ ਦੀ ਜਾਇਦਾਦ ਵਿਚ ਹਿੱਸਾ ਲੈਣਾ ਚਾਹੁੰਦਾ ਸੀ। ਇਸ ਦੇ ਚੱਲਦੇ ਉਸ ਨੇ ਆਪਣੇ ਪਿਤਾ ਦਾ ਕਤਲ ਕੀਤਾ।