ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਕਰਾਰਾ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਦਿਵਾਈ ਆਜ਼ਾਦੀ ਵਿੱਚ ਉਨ੍ਹਾਂ ਨੇ ਸੰਵਿਧਾਨ ਦੀ ਸਹੁੰ ਖਾਧੀ ਅਤੇ ਹੁਣ ਨਿੰਦਾ ਕਰ ਰਹੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਲਈ ਲੜ ਰਹੇ ਸਨ। ਉਨ੍ਹਾਂ ਦੇ ਨਾਲ ਲਾਲਾ ਲਾਜਪਤ ਰਾਏ, ਚੰਦਰਸ਼ੇਖਰ ਆਜ਼ਾਦ ਸਨ। ਇਹ ਕੌਣ ਨੇ ਅੱਤਵਾਦੀ ਕਹਿਣ ਵਾਲੇ?
ਸੀ.ਐੱਮ. ਮਾਨ ਨੇ ਕਿਹਾ ਕਿ ਭਗਤ ਸਿੰਘ ਦੀ ਸਖਸ਼ੀਅਤ ਕਿਸੇ ਖਾਸ ਵਿਅਕਤੀ ਤੋਂ ਰੁਤਬੇ ਦੀ ਮੁਥਾਜ ਨਹੀਂ। ਉਹ ਸ਼ਹੀਦ-ਏ-ਆਜ਼ਮ ਨੇ। ਭਗਤ ਸਿੰਘ ਖਿਲਾਫ਼ ਬੋਲਣਾ ਚੰਨ੍ਹ ‘ਤੇ ਥੁੱਕਣ ਦੇ ਬਰਾਬਰ ਹੈ, ਚੰਨ ‘ਤੇ ਥੁੱਕੋਗੇ ਤਾਂ ਤੁਹਾਡੇ ਆਪਣੇ ‘ਤੇ ਹੀ ਪਊਗਾ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਹ 500 ਸਾਲ ਤੱਕ ਸ਼ਹੀਦ ਹੀ ਰਹਿਣਗੇ। ਪਾਕਿਸਤਾਨ ਵਿੱਚ ਵੀ ਉਨ੍ਹਾਂ ਦੀ ਪੂਜਾ ਹੁੰਦੀ ਹੈ। ਉਦੋਂ ਪਾਕਿਸਤਾਨ ਵੀ ਨਹੀਂ ਬਣਿਆ ਸੀ। ਉਨ੍ਹਾਂ ਦੇ ਨਾਂ ‘ਤੇ ਚੌਕ ਬਣਾਇਆ ਗਿਆ ਹੈ। ਹਾਲਾਂਕਿ ਮਾਨ ਨੇ ਕਾਨੂੰਨੀ ਕਾਰਵਾਈ ਦੀ ਮੰਗ ‘ਤੇ ਕੁਝ ਨਹੀਂ ਕਿਹਾ।
ਦੱਸ ਦੇਈਏ ਕਿ ਸੰਸਦ ਮੈਂਬਰ ਸਿਮਰਨਜੀਤ ਮਾਨ ਚੋਣ ਜਿੱਤਣ ਤੋਂ ਬਾਅਦ ਕਰਨਾਲ ਪਹੁੰਚੇ ਸਨ। ਉੱਥੇ ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਬੇਕਸੂਰ ਅੰਗਰੇਜ਼ ਅਫਸਰ ਨੂੰ ਮਾਰ ਦਿੱਤਾ। ਇਸੇ ਲਈ ਉਹ ਅੱਤਵਾਦੀ ਹੈ। ਇਸ ਸਬੰਧੀ ਦਿੱਲੀ ਦੀ ਪਾਰਲੀਮੈਂਟ ਸਟਰੀਟ ‘ਚ ਉਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।