ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਵਫ਼ਦਾਂ ਨਾਲ ਸ਼ਾਂਤਮਈ ਢੰਗ ਨਾਲ ਮੀਟਿੰਗਾਂ ਕੀਤੀਆਂ।
ਪੰਜਾਬ ਭਵਨ ਵਿਖੇ ਸਾਰਾ ਦਿਨ ਚੱਲੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆ ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਉਨਾਂ ਨੇ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਹੈ ਅਤੇ ਇਨਾਂ ਮੁੱਦਿਆਂ ‘ਤੇ ਇੱਕ-ਇੱਕ ਕਰਕੇ ਕਾਰਵਾਈ ਕਰਦਿਆਂ ਸੰਭਾਵੀ ਹੱਲ ਕੱਢੇ ਜਾਣਗੇ।
ਸਮੂਹ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਕੂਲਾਂ ਦੀ ਬਿਹਤਰੀ, ਅਧਿਆਪਕਾਂ ਦੀਆਂ ਦੂਰ-ਦੂਰਾਡੇ ਨਿਯੁਕਤੀਆਂ ਅਤੇ ਬਦਲੀਆਂ, ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਲਈ ਪੀਰੀਅਡਾਂ ਦੀ ਵੰਡ, ਸੀਨੀਆਰਤਾ, ਰੋਜ਼ਗਾਰ ਪ੍ਰਦਾਨ ਕਰਨ ਲਈ ਵੱਖ-ਵੱਖ ਆਸਾਮੀਆਂ ਦੀਆਂ ਭਰਤੀਆਂ, ਅਧਿਆਪਕ ਯੋਗਤਾ ਟੈਸਟ, ਅਧਿਆਪਕਾਂ ਦੀਆਂ ਛੁੱਟੀਆਂ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ।
ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਨਾਲ ਸਬੰਧਤ 5 ਦਰਜਨ ਤੋਂ ਵੱਧ ਯੂਨੀਅਨ ਦੇ ਨੁਮਾਇੰਦਿਆਂ ਨੇ ਭਾਗ ਲਿਆ।