ਨਵੀਂ ਦਿੱਲੀ: ਦੇਸ਼ ਦੇ 15ਵੇਂ ਰਾਸ਼ਟਰਪਤੀ ਦੇ ਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਐਨਡੀਏ ਦੇ ਉਮੀਦਵਾਰ ਦ੍ਰੋਪਦੀ ਮੁਰਮੂ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣੇ ਹਨ। ਇਸ ਦੇ ਨਾਲ ਹੀ ਉਹ ਦੇਸ਼ ਦੇ ਪਹਿਲੇ ਮਹਿਲਾ ਅਦਿਵਾਸੀ ਰਾਸ਼ਟਰਪਤੀ ਬਣ ਗਏ ਹਨ।
ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਦੇ ਦੋ ਗੇੜ ਪੂਰੇ ਹੋਣ ਤੋਂ ਬਾਅਦ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ 1349 ਵੋਟਾਂ ਮਿਲੀਆਂ। ਦੂਜੇ ਪਾਸੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹੁਣ ਤੱਕ 537 ਵੋਟਾਂ ਮਿਲੀਆਂ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਦੀ ਰਾਤ ਨੂੰ ਖਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ ਨੂੰ 25 ਜੁਲਾਈ ਨੂੰ ਸਹੁੰ ਚੁਕਾਈ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦ੍ਰੋਪਦੀ ਮੁਰਮੂ ਨੂੰ ਮਿਲਣ ਜਾਣਗੇ। ਕੈਬਨਿਟ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਉਹਨਾਂ ਦੇ ਨਾਲ ਜਾ ਸਕਦੇ ਹਨ।
ਇਸ ਤੋਂ ਇਲਾਵਾ ਭਾਜਪਾ ਦੇ ਦਿੱਲੀ ਮੁੱਖ ਦਫ਼ਤਰ ਵਿਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ। ਉਧਰ ਦ੍ਰੋਪਦੀ ਮੁਰਮੂ ਦੀ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਉੜੀਸਾ ਦੇ ਮੁਰਮੂ ਦੇ ਪਿੰਡ ਰਾਇਰੰਗਪੁਰ ਵਿਚ ਲੋਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਲੋਕ ਇਕ ਦੂਜੇ ਨੂੰ ਲੱਡੂ ਖਵਾ ਕੇ ਖੁਸ਼ੀਆਂ ਮਨਾ ਰਹੇ ਹਨ। ਰਾਸ਼ਟਰਪਤੀ ਦੀ ਚੋਣ ਹਾਰੇ ਜਸਵੰਤ ਸਿਨਹਾ ਨੇ ਦ੍ਰੋਪਦੀ ਮੁਰਮੂ ਨੂੰ ਚੋਣ ਜਿੱਤਣ ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ।