ਲੁਧਿਆਣਾ : ਬਲਾਤਕਾਰ ਮਾਮਲੇ ਦੇ ਦੋਸ਼ੀ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਬਾਕੀ 4 ਦੋਸ਼ੀਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ 4 ਸਾਥੀਆਂ ਸਮੇਤ ਅਦਾਲਤ 'ਚ ਆਤਮ ਸਮਰਪਣ ਕੀਤਾ ਸੀ। ਪੁਲੀਸ ਨੇ ਪਹਿਲਾਂ ਬੈਂਸ ਤੇ ਉਸ ਦੇ ਸਾਥੀਆਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਸੀ। ਹੁਣ ਪੁਲਿਸ ਨੇ ਦੂਜੀ ਵਾਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਅਦਾਲਤ ਬੈਂਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਸਕਦੀ ਹੈ। ਰਿਮਾਂਡ ਦੌਰਾਨ ਬੈਂਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸ਼ਨੀਵਾਰ ਨੂੰ ਬੈਂਸ ਨੇ ਅਦਾਲਤ 'ਚ ਵੀ ਆਪਣੀ ਦਲੀਲ ਪੇਸ਼ ਕੀਤੀ।
ਇਸ ਦੇ ਨਾਲ ਹੀ ਬੈਂਸ ਖਿਲਾਫ ਇੱਕ ਹੋਰ ਮਾਮਲੇ ਵਿੱਚ ਵੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 2018 ਵਿੱਚ, ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਵੱਲੋਂ ਬੈਂਸ ਅਤੇ ਉਸਦੇ ਸਾਥੀਆਂ ਵਿਰੁੱਧ ਥਾਣਾ ਸਰਾਭਾ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੋਸ਼ ਲਾਇਆ ਗਿਆ ਸੀ ਕਿ ਬੈਂਸ ਮਿਲਕ ਪਲਾਂਟ ਵਿੱਚ ਅਣਅਧਿਕਾਰਤ ਤੌਰ ’ਤੇ ਦਾਖ਼ਲ ਹੋਏ ਸਨ। ਬੈਂਸ ਵੱਲੋਂ ਮਾਮਲੇ ਵਿੱਚ ਅਦਾਲਤ ਦੇ ਸੰਮਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਤੋਂ ਬਾਅਦ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ।