ਚੰਡੀਗੜ੍ਹ: ਹਰਿਆਣਾ 'ਚ ਜਿਸ ਥਾਂ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਵਾਲੀ ਸ਼ਤਾਬਦੀ 'ਤੇ ਹਮਲਾ ਹੋਇਆ ਸੀ, ਉੱਥੇ ਹੀ ਰਾਹੁਲ ਗਾਂਧੀ ਦੀ ਰੇਲ ਗੱਡੀ 'ਤੇ ਵੀ ਪਥਰਾਅ ਕੀਤਾ ਗਿਆ ਸੀ। ਇਹ ਘਟਨਾ ਸਤੰਬਰ 2009 ਯਾਨੀ 13 ਸਾਲ ਪੁਰਾਣੀ ਹੈ।
ਉਦੋਂ ਇਹ ਕਿਹਾ ਗਿਆ ਸੀ ਕਿ ਇਹ ਸ਼ਰਾਰਤ ਕੁਝ ਬੱਚਿਆਂ ਨੇ ਕੀਤੀ ਹੈ। ਹਰਿਆਣਾ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਕਿਹਾ ਸੀ ਕਿ ਉਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਹਾਲਾਂਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸੰਦਰਭ 'ਚ ਪੱਥਰਬਾਜ਼ੀ ਨੂੰ ਜ਼ਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਪੰਜਾਬ ਦੇ ਏਜੀ ਲਾਰੈਂਸ ਬਿਸ਼ਨੋਈ ਦੀ ਦਿੱਲੀ ਵਿਚ ਪਟੀਸ਼ਨ ਦੇ ਵਿਰੋਧ ’ਚ ਸੁਪਰੀਮ ਕੋਰਟ ਵਿਚ ਪੇਸ਼ ਹੋਏ ਸਨ। ਇਹ ਆਮ ਪੱਥਰਬਾਜ਼ੀ ਹੈ ਜਾਂ ਐਡਵੋਕੇਟ ਜਨਰਲ 'ਤੇ ਹਮਲਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸਤੰਬਰ 2009 ਵਿਚ ਰਾਹੁਲ ਗਾਂਧੀ ਲੁਧਿਆਣਾ ਤੋਂ ਦਿੱਲੀ ਪਰਤ ਰਹੇ ਸਨ। ਉਹ ਗੋਲਡਨ ਸ਼ਤਾਬਦੀ 'ਚ ਯਾਤਰਾ ਕਰ ਰਹੇ ਸਨ। ਇਸ ਦੌਰਾਨ ਰੇਲ ਗੱਡੀ 'ਤੇ ਪਥਰਾਅ ਕੀਤਾ ਗਿਆ। ਰੇਲਗੱਡੀ ਦੇ ਸੀ-2, ਸੀ-4 ਅਤੇ ਸੀ-7 ਕੋਚਾਂ 'ਤੇ ਪਥਰਾਅ ਕੀਤਾ ਗਿਆ ਜਦਕਿ ਰਾਹੁਲ ਗਾਂਧੀ ਸੀ-3 'ਚ ਸਨ। ਪਥਰਾਅ ਕਾਰਨ ਤਿੰਨਾਂ ਡੱਬਿਆਂ ਦੇ ਕੁਝ ਦੇ ਸ਼ੀਸ਼ੇ ਟੁੱਟ ਗਏ ਸਨ।
ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ 12mm ਦਾ ਸ਼ੀਸ਼ਾ ਟੁੱਟਿਆ ਹੈ, ਉਸ ਮੁਤਾਬਕ ਪੱਥਰ ਦੀ ਥਾਂ ਕੁਝ ਹੋਰ ਹੋ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਹਨਾਂ ਨੇ ਤੁਰੰਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਦੀ ਸੂਚਨਾ ਦਿੱਤੀ।
ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ। ਉਹ ਆਪਣੀ ਪੂਰੀ ਕਾਨੂੰਨੀ ਟੀਮ ਨਾਲ ਦਿੱਲੀ ਤੋਂ ਪਰਤ ਰਹੇ ਸਨ। ਸੁਪਰੀਮ ਕੋਰਟ ਵਿਚ ਉਹ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪਣ ਅਤੇ ਗੈਂਗਸਟਰ ਲਾਰੈਂਸ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਵਿਚ ਹਾਜ਼ਰ ਹੋਏ ਸਨ।