ਪੰਜਾਬ ਅਗੇਂਸਟ ਕਰੱਪਸ਼ਨ ਵੱਲੋਂ ਬਲ਼ੌਗੀ ਸਥਿਤ ਉਕਤ ਜ਼ਮੀਨ ਅੱਗੇ ਲੀਜ਼ ਰੱਦ ਹੋਣ ਦੀ ਖੁਸ਼ੀ ਵਿੱਚ ਵੰਡੇ ਲੱਡੂ
ਮੁਹਾਲੀ : ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਟੇਢੇ ਮੇਢੇ ਢੰਗ ਨਾਲ ਜ਼ਮੀਨ ਹਥਿਆਉਣ ਲਈ ਪਿੰਡ ਬਲ਼ੌਗੀ ਦੀ ਬਹੁਕਰੋਡ਼ੀ ਸ਼ਾਮਲਾਤ ਜ਼ਮੀਨ ਉਤੇ ਸਿਹਤ ਮੰਤਰੀ ਹੁੰਦਿਆਂ ਹੋਇਆ ਖ਼ੁਦ ਆਪਣੀ ਹੀ ਪ੍ਰਧਾਨਗੀ ਵਾਲੀ ਸੰਸਥਾ ਦੇ ਨਾਂ ਖੋਲ੍ਹੀ ਗਈ ਜਾਅਲੀ ਗਊਸ਼ਾਲਾ (ਬਾਲ ਗੋਪਾਲ ਗਊਸ਼ਾਲਾ ਬਲ਼ੌਂਗੀ) ਵਾਲੀ ਜ਼ਮੀਨ ਦੀ ਲੀਜ਼ ਰੱਦ ਕਰਕੇ ਭਾਵੇਂ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਇਨਸਾਫ਼ ਵਾਲਾ ਕੰਮ ਕੀਤਾ ਹੈ ਅਤੇ ਕਰੋਡ਼ਾਂ ਰੁਪਇਆਂ ਦੀ ਜ਼ਮੀਨ ਕਾਂਗਰਸ ਪਾਰਟੀ ਦੇ ਇਸ ਸਾਬਕਾ ਸਿਹਤ ਮੰਤਰੀ ਕੋਲੋਂ ਛੁਡਵਾ ਕੇ ਪੰਚਾਇਤ ਨੂੰ ਵਾਪਿਸ ਕਰਵਾਉਣ ਵੱਲ ਕਦਮ ਵਧਾਇਆ ਹੈ। ਪ੍ਰੰਤੂ ਫਿਰ ਵੀ ਕਿਤੇ ਨਾ ਕਿਤੇ ਸਰਕਾਰ ਦੇ ਅਫ਼ਸਰਾਂ ਨੇ ਲੀਜ਼ ਰੱਦ ਕਰਨ ਸਮੇਂ ਕਾਫ਼ੀ ਚੋਰ ਮੋਰੀਆਂ ਛੱਡ ਦਿੱਤੀਆਂ ਹਨ ਜਿਨ੍ਹਾਂ ਨਾਲ ਇਸ ਸਾਬਕਾ ਮੰਤਰੀ ਨੂੰ ਰਾਹਤ ਮਿਲ ਸਕਦੀ ਹੈ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਅਗੇਂਸਟ ਕਰੱਪਸ਼ਨ ਸੰਸਥਾ ਦੇ ਪ੍ਰਧਾਨ ਅਤੇ ਤਰਕਸ਼ੀਲ ਆਗੂ ਸਤਨਾਮ ਸਿੰਘ ਦਾਊਂ ਅਤੇ ਐਡਵੋਕੇਟ ਦਲਜੀਤ ਸਿੰਘ ਪੂਨੀਆਂ ਨੇ ਅੱਜ ਇੱਥੇ ਬਲ਼ੌਗੀ ਸਥਿਤ ਗਊਸ਼ਾਲਾ ਦੇ ਗੇਟ ਦੇ ਬਾਹਰ ਲੀਜ਼ ਰੱਦ ਹੋਣ ਦੀ ਖੁਸ਼ੀ ਮਨਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਲੀਜ਼ ਰੱਦ ਹੋਣ ਦੀ ਖੁਸ਼ੀ ਵਿੱਚ ਢੋਲ ਵਜਾ ਕੇ ਰਾਹਗੀਰਾਂ ਨੂੰ ਇਸ ਪੰਚਾਇਤੀ ਜ਼ਮੀਨ ਉਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਜਾਅਲੀ ਗਊਸ਼ਾਲਾ (ਲਾਵਾਰਿਸ ਗਊਆਂ ਰੱਖਣ ਦੇ ਨਾਂ ਉਤੇ) ਦੀ ਆਡ਼ ਹੇਠ ਲੀਜ਼ ਬਣਾ ਕੇ ਕੀਤੇ ਗਏ ਨਜਾਇਜ਼ ਕਬਜ਼ੇ ਬਾਰੇ ਵੀ ਦੱਸਿਆ ਗਿਆ ਅਤੇ ਲੀਜ਼ ਰੱਦ ਹੋਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।
ਉਨ੍ਹਾਂ ਨੇ ਪੰਜਾਬ ਸਰਕਾਰ, ਪੇਂਡੂ ਵਿਕਾਸ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ, ਐਮ.ਐਲ.ਏ. ਮੌਹਾਲੀ ਸ੍ਰ. ਕੁਲਵੰਤ ਸਿੰਘ ਅਤੇ ਸਮੁੱਚੀ ਆਪ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਜਾਅਲੀ ਸੰਸਥਾ ਵੱਲੋਂ ਗਊਸ਼ਾਲਾ ਦੇ ਨਾਮ ’ਤੇ ਹਡ਼ੱਪੀ ਕੀਮਤੀ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਹੈ।
ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਲੀਜ਼ ਰੱਦ ਕਰਨ ਦੇ ਹੁਕਮਾਂ ਵਿੱਚ ਇਹ ਤੱਥ ਸ਼ਾਮਿਲ ਕਰਨੇ ਜਰੂਰੀ ਹਨ ਕਿ ਸਿਹਤ ਮੰਤਰੀ ਨੇ ਆਪਣਾ ਰਸੂਖ ਵਰਤ ਕੇ, ਪੰਚਾਇਤ ਅਫ਼ਸਰਾਂ ’ਤੇ ਦਬਾਓ ਪਾ ਕੇ ਲੀਜ਼ ’ਤੇ ਜ਼ਮੀਨ ਲਈ ਹੈ। ਜ਼ਮੀਨ ਲੀਜ਼ ’ਤੇ ਦੇਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਕਿਸੇ ਹੋਰ ਪਾਰਟੀ ਨੂੰ ਬੋਲੀ ਦੇਣ ਦਾ ਮੌਕਾ ਨਾ ਦੇ ਕੇ ਪੰਚਾਇਤ ਅਤੇ ਸਰਕਾਰ ਦਾ ਆਰਥਿਕ ਨੁਕਸਾਨ ਕੀਤਾ ਗਿਆ ਹੈ।