ਅੰਮ੍ਰਿਤਸਰ: ਸੂਬੇ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ETO ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਗਾਤਾਰ ਕਾਰਵਾਈ ਕਰ ਰਿਹਾ ਹੈ।
ਇਸ ਦੇ ਚਲਦਿਆਂ ਓਪਰੇਸ਼ਨ ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਦੇ ਆਦੇਸ਼ਾਂ ਅਨੁਸਾਰ ਹਲਕਾ ਅੰਮ੍ਰਿਤਸਰ ਸ਼ਹਿਰੀ ਵਿਚ ਚੈਕਿੰਗ ਦੌਰਾਨ ਹੋਟਲ ਭਾਰਤ ਲੌਜ ਬਾਰਡਰ ਕੰਪਲੈਕਸ ਜੀ.ਟੀ ਰੋਡ ਅੰਮ੍ਰਿਤਸਰ ਨੂੰ ਬਿਜਲੀ ਕੁਨੈਕਸ਼ਨ ਚੋਰੀ ਕਰਦੇ ਫੜਿਆ ਗਿਆ।
ਮੀਟਰ ਵੱਲ ਜਾਣ ਵਾਲੀ ਪੀਲੀ ਫੇਜ਼ ਸੀਟੀ ਤਾਰ ਵਿਚ ਟਰਮੀਨਲ ਉੱਤੇ ਪੀਵੀਸੀ ਟੇਪ ਲੱਗੀ ਹੋਈ ਸੀ ਜੋ ਬਿਜਲੀ ਮੀਟਰ ਦੀ ਅਸਲ ਖਪਤ ਨੂੰ ਰਿਕਾਰਡ ਹੋਣ ਤੋਂ ਰੋਕਦੇ ਹੋਏ ਬਿਜਲੀ ਚੋਰੀ ਕਰ ਰਹੀ ਸੀ। ਉਕਤ ਹੋਟਲ ਵਿਚ ਬਿਜਲੀ ਚੋਰੀ ਹੋਣ ਦਾ ਮਾਮਲਾ ਡਿਸਟ੍ਰੀਬਿਊਸ਼ਨ ਵਿੰਗ ਦੇ ਅਧਿਕਾਰੀਆਂ ਅਤੇ ਇਨਫੋਰਸਮੈਂਟ ਟੀਮ ਵੱਲੋਂ ਸਾਂਝੀ ਜਾਂਚ ਦੌਰਾਨ ਫੜਿਆ ਗਿਆ।
ਚੈਕਿੰਗ ਦੌਰਾਨ ਸੈਕਸ਼ਨ 40 ਕਿਲੋਵਾਟ ਲੋਡ ਅਨੁਸਾਰ 38.659 ਕਿਲੋਵਾਟ ਲੋਡ ਮੌਕੇ ’ਤੇ ਪਾਇਆ ਗਿਆ। ਇਸ ਹੋਟਲ ਨੂੰ ਬਿਜਲੀ ਚੋਰੀ ਕਰਨ 'ਤੇ 15.82 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ ਮੌਕੇ 'ਤੇ ਹੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ ਏ.ਟੀ.ਪਾਵਰ ਚੋਰੀ ਵੇਰਕਾ ਵਿਖੇ ਬਿਜਲੀ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।