ਉਦੈਪੁਰ : ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰੱਥਕ ਟੇਲਰ ਕਨ੍ਹਈਆ ਲਾਲ ਦੇ ਕਤਲ ਤੋਂ ਬਾਅਦ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿੱਚ ਕਾਤਲ ਗ਼ੌਸ ਮੁਹੰਮਦ ਅਤੇ ਰਿਆਜ਼ ਜੱਬਾਰ ਇੱਕ ਖਾਸ ਨੰਬਰ ਵਾਲੇ ਮੋਟਰਸਾਈਕਲ ’ਤੇ ਭੱਜਦੇ ਨਜ਼ਰ ਆ ਰਹੇ ਹਨ। ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਤਲ ਦੀ ਸੂਚਨਾ ਮਿਲਦੇ ਹੀ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਲੋਕ ਚੀਕਾਂ ਮਾਰਦੇ ਭੱਜ ਰਹੇ ਸਨ ਅਤੇ ਬਾਜ਼ਾਰ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ।
ਕਤਲੇਆਮ ਤੋਂ ਬਾਅਦ ਕਾਤਲਾਂ ਨੇ ਇਨ੍ਹਾਂ ਵੀਡੀਓਜ਼ ਨੂੰ ਕਈ ਵਟਸਐਪ ਗਰੁੱਪਾਂ 'ਚ ਸ਼ੇਅਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਪਾਕਿਸਤਾਨ ਦੇ ਵਟਸਐਪ ਗਰੁੱਪ 'ਚ ਵੀ ਸ਼ੇਅਰ ਕੀਤੀ ਗਈ ਸੀ। ਵੀਡੀਓ ਸ਼ੇਅਰ ਕਰਨ ਦੇ ਨਾਲ ਲਿਖਿਆ- ਆਰਡਰ ਮਿਲ ਗਿਆ ਸੀ, ਪੂਰਾ ਹੋ ਗਿਆ। ਇਸ ਗਰੁੱਪ ਨੂੰ ਕਿਸ ਨੇ ਬਣਾਇਆ ਅਤੇ ਇਸ ਦਾ ਮਕਸਦ ਕੀ ਸੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਉਧਰ, ਉਦੈਪੁਰ 'ਚ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਜਗਦੀਸ਼ ਮੰਦਰ ਤੋਂ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸ਼ੁਰੂ ਹੋ ਗਈ ਹੈ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰੱਥ ਯਾਤਰਾ ਵਿੱਚ ਦੋ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਐਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਤਲਾਂ ਨੇ ਆਪਣੀ ਬਾਈਕ ਇਸ ਲਈ ਸਟਾਰਟ ਕੀਤੀ ਸੀ ਤਾਂ ਜੋ ਉਹ ਕਤਲ ਤੋਂ ਤੁਰੰਤ ਬਾਅਦ ਭੱਜ ਸਕਣ। ਕਤਲ ਦੀ ਖਬਰ ਜਿਵੇਂ ਹੀ ਬਾਜ਼ਾਰ 'ਚ ਫੈਲੀ ਤਾਂ ਉਥੇ ਮੌਜੂਦ ਲੋਕ ਇਧਰ-ਉਧਰ ਭੱਜਣ ਲੱਗੇ।
ਉਧਰ, ਦੋਵਾਂ ਕਾਤਲਾਂ ਦੇ ਕੇਸ ਨੂੰ ਉਦੈਪੁਰ ਜ਼ਿਲ੍ਹਾ ਅਦਾਲਤ ਨੇ ਐਨਆਈਏ ਨੂੰ ਟਰਾਂਸਫਰ ਕਰ ਦਿੱਤਾ ਹੈ। ਐਨਆਈਏ ਨੇ ਹਮਲਾਵਰਾਂ ਅਤੇ ਕਤਲ ਦੋਵਾਂ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਸਬੂਤ ਸੌਂਪਣ ਲਈ ਉਦੈਪੁਰ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਵੀ ਦਿੱਤੀ ਸੀ।