ਐਸ.ਏ.ਐਸ ਨਗਰ : ਜ਼ਿਲ੍ਹਾ ਮੈਜਿਸਟਰੇਟ ਐਸ.ਏ.ਐਸ ਨਗਰ ਸ੍ਰੀ ਅਮਿਤ ਤਲਵਾੜ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਸਥਿੱਤ ਮੈਰਿਜ਼ ਪੈਲੇਸਾਂ ਵਿੱਚ ਵਿਆਹ ਜਾਂ ਹੋਰ ਫੰਕਸ਼ਨਾਂ ਵਿੱਚ ਆਮ ਲੋਕਾਂ ਤੇ ਅਸਲਾ ਲੈ ਕੇ ਆਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਹ ਹੁਕਮ 29 ਅਗਸਤ ਤੱਕ ਲਾਗੂ ਰਹਿਣਗੇ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਧਿਆਨ ਵਿੱਚ ਆਇਆ ਹੈ ਕਿ ਵਿਆਹ ਦੇ ਨਿਰਧਾਰਤ ਸਥਾਨਾਂ ਜਾਂ ਹੋਰ ਫੰਕਸ਼ਨਾਂ ਵਿੱਚ ਆਮ ਲੋਕ ਅਸਲਾ ਲੈ ਕੇ ਆਉਂਦੇ ਹਨ ਅਤੇ ਗੋਲੀਬਾਰੀ ਕਰ ਦਿੰਦੇ ਹਨ । ਇਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿੱਤੀ ਦੇ ਭੰਗ ਹੋਣ ਦਾ ਖਤਰਾ ਬਣ ਜਾਂਦਾ ਹੈ ।
ਇਸ ਲਈ ਜ਼ਿਲ੍ਹੇ ਵਿੱਚ ਸਥਿੱਤ ਮੈਰਿਜ਼ ਪੈਲੇਸਾਂ ਵਿੱਚ ਵਿਆਹਾਂ ਜਾਂ ਹੋਰ ਫੰਕਸ਼ਨਾਂ ਵਿੱਚ ਅਸਲਾ ਲੈ ਕੇ ਜਾਣ ਤੇ ਪਾਬੰਦੀ ਲਾਉਣੀ ਜਰੂਰੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।