ਚੰਡੀਗੜ੍ਹ : ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸ਼ਹਿਰ ਵਾਸੀਆਂ ਨੂੰ ਅੱਜ ਰਾਹਤ ਮਿਲੀ ਹੈ। ਰਾਤ ਹੋਈ ਮੌਸਮ ’ਚ ਤਬਦੀਲੀ ਤੋਂ ਬਾਅਦ ਚੰਡੀਗੜ੍ਹ ਸਮੇਤ ਪੰਚਕੂਲਾ ਅਤੇ ਮੁਹਾਲੀ ’ਚ ਮੀਂਹ ਦਾ ਦੌਰ ਸ਼ੁਰੂ ਹੋਇਆ। ਸਵੇਰੇ ਸਾਢੇ 8 ਵਜੇ ਬੱਦਲਾਂ ਦੀ ਗਰਜ਼ ਨਾਲ ਪਏ ਤੇਜ਼ ਮੀਂਹ ਕਾਰਨ ਪੂਰੇ ਸ਼ਹਿਰ ’ਚ ਹਨੇਰਾ ਛਾ ਗਿਆ।
ਤੇਜ਼ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੰਘਣਾ ਪਿਆ। ਇਸ ਦੇ ਨਾਲ ਹੀ ਢਿੱਗਾਂ ਡਿੱਗਣ ਕਾਰਨ ਪੰਚਕੂਲਾ ਤੋਂ ਮੋਰਨੀ ਨੂੰ ਜਾਣ ਵਾਲੀ ਸੜਕ ’ਤੇ ਆਵਾਜਾਈ ਠੱਪ ਹੋ ਗਈ ਹੈ।
ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ 30 ਜੂਨ ਨੂੰ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਪਵੇਗਾ। ਵਿਭਾਗ ਅਨੁਸਾਰ ਅੱਜ ਮੀਂਹ ਪੈਣ ਕਾਰਨ ਤਾਪਮਾਨ ਵਿਚ ਕਰੀਬ 6 ਡਿਗਰੀ ਦੀ ਗਿਰਾਵਟ ਆਵੇਗੀ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 31.4 ਡਿਗਰੀ ਰਿਹਾ।
ਵਿਭਾਗ ਮੁਤਾਬਿਕ ਚੰਡੀਗੜ੍ਹ ’ਚ 6 ਜੂਨ ਤਕ ਮੀਂਹ ਪਵੇਗਾ। ਇਸ ਦੇ ਨਾਲ ਹੀ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।