ਟੈਕਸਸ : ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਦੇ ਬਾਹਰੀ ਇਲਾਕੇ ਵਿੱਚ ਟਰੱਕ ਵਿੱਚ ਘੱਟੋ-ਘੱਟ 40 ਲੋਕਾਂ ਦੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਹਨ। ਇਹ ਲੋਕ ਪਰਵਾਸੀ ਮੰਨੇ ਜਾ ਰਹੇ ਹਨ। ਇੱਕ ਸਥਾਨਕ ਮੀਡੀਆ ਅਦਾਰੇ ਅਨੁਸਾਰ ਕਰੀਬ 16 ਲੋਕਾਂ ਨੂੰ ਪ੍ਰਸ਼ਾਸਨ ਦੇ ਲੋਕ ਵੱਖ-ਵੱਖ ਸਿਹਤ ਕਾਰਨਾਂ ਕਰਕੇ ਹਸਪਤਾਲ ਲੈ ਕੇ ਗਏ ਹਨ।
ਸੋਸ਼ਲ ਮੀਡੀਆ ਉੱਪਰ ਜੋ ਤਸਵੀਰਾਂ ਆ ਰਹੀਆਂ ਹਨ, ਉਨ੍ਹਾਂ ਅਨੁਸਾਰ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਇੱਕ ਟਰੱਕ ਦੇ ਆਲੇ-ਦੁਆਲੇ ਖੜ੍ਹੇ ਹਨ। ਚਾਰਲਜ਼ ਹੁੱਡ, ਸੈਨ ਐਨਟੋਨੀਓ ਦੇ ਫਾਇਰ ਵਿਭਾਗ ਦੇ ਮੁਖੀ ਹਨ ਮੁਤਾਬਕ ਟਰੱਕ ਵਿੱਚ ਏਸੀ ਨਹੀਂ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਸੀ।
ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਦੇ ਬਾਹਰ ਇੱਕ ਲਾਸ਼ ਦਿਖਾਈ ਦਿੱਤੀ ਅਤੇ ਇਸ ਤੋਂ ਬਾਅਦ ਦਰਵਾਜ਼ਾ ਖੁੱਲ੍ਹਣ 'ਤੇ ਹੋਰ ਲਾਸ਼ਾਂ ਵੀ ਨਜ਼ਰ ਆਈਆਂ। ਕੇਸੈਟ ਟੀਵੀ ਚੈਨਲ ਅਨੁਸਾਰ ਇਹ ਟਰੱਕ ਰੇਲ ਦੀਆਂ ਪੱਟੜੀਆਂ ਨੇੜੇ ਸੈਨ ਅਨਟੋਨਿਓ ਦੇ ਦੱਖਣੀ-ਪੱਛਮੀ ਪਾਸੇ ਵੱਲ ਮਿਲਿਆ ਹੈ।
ਨਿਊ ਯੌਰਕ ਟਾਈਮਜ਼ ਅਨੁਸਾਰ ਸੈਨ ਅਨਟੋਨੀਓ ਪੁਲਿਸ ਵਿਭਾਗ ਦੇ ਅਫ਼ਸਰ ਟਰੱਕ ਦੇ ਡਰਾਈਵਰ ਦੀ ਭਾਲ ਕਰ ਰਹੇ ਹਨ ਜੋ ਮੌਕੇ ਤੋਂ ਗਾਇਬ ਹੈ। ਸੈਨ ਅਨਟੋਨੀਓ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੋਂ ਤਕਰੀਬਨ 250 ਕਿਲੋਮੀਟਰ ਦੂਰੀ 'ਤੇ ਹੈ। ਇਸ ਰਸਤੇ ਨੂੰ ਕਈ ਵਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਜਾਣ ਲਈ ਵਰਤਿਆ ਜਾਂਦਾ ਹੈ।
ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਪਹੁੰਚ ਰਹੇ ਪਰਵਾਸੀਆਂ ਨੂੰ ਅਕਸਰ ਟਰੱਕਾਂ ਰਾਹੀਂ ਇੱਥੋਂ ਅਮਰੀਕਾ ਭੇਜਿਆ ਜਾਂਦਾ ਹੈ। ਮੈਕਸੀਕੋ ਦੀ ਵਿਦੇਸ਼ ਮੰਤਰੀ ਮਾਰਕੈਲੋ ਇਬ੍ਰਾਡ ਮੁਤਾਬਕ ਹਸਪਤਾਲ ਵਿੱਚ ਭਰਤੀ ਦੋ ਨਾਗਰਿਕ ਗੁਆਟੇਮਾਲਾ ਦੇ ਹਨ।
ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ। ਟੈਕਸਸ ਦੇ ਗਵਰਨਰ ਗ੍ਰੈਗ ਅਬੌਟ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਪਿੱਛੇ ਬਾਇਡਨ ਦੀਆਂ ਓਪਨ ਬਾਰਡਰ ਨੀਤੀਆਂ ਜ਼ਿੰਮੇਵਾਰ ਹਨ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਾਰਡ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਰਹੇ ਹਨ ਪਰ ਅਜੇ ਇਹ ਨਹੀਂ ਪਤਾ ਕਿ ਮ੍ਰਿਤਕ ਕਿਹੜੇ ਦੇਸ ਤੋਂ ਹਨ। ਅਜੇ ਇਹ ਪਤਾ ਨਹੀਂ ਲਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਪੁਲਿਸ ਨੇ ਅਜੇ ਅਧਿਕਾਰਤ ਬਿਆਨ ਦੇਣਾ ਹੈ।