ਚੰਡੀਗੜ੍ਹ : ਆਈਏਐੱਸ ਅਫਸਰ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੀ ਮੌਤ ਤੋਂ ਬਾਅਦ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ 'ਆਪ' ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕਾਨੂੰਨ ਨੂੰ ਡਰਾਮਾ ਬਣਾ ਕੇ ਰੱਖ ਦਿੱਤਾ ਹੈ।
ਉਥੇ ਹੀ 'ਆਪ' ਸਰਕਾਰ ਦੇ ਬਚਾਅ 'ਚ ਉੱਤਰ ਆਈ ਹੈ। 'ਆਪ' ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਈਏਐੱਸ ਦੇ ਬੇਟੇ ਦੀ ਮੌਤ ਇਕ ਮੰਦਭਾਗੀ ਘਟਨਾ ਹੈ ਪਰ ਭਿ੍ਸ਼ਟਾਚਾਰ ਦੇ ਖਿਲਾਫ ਲੜਾਈ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਕਾਰਤਿਕ ਨੇ ਸੁਸਾਈਡ ਕੀਤਾ ਹੈ। ਭਿ੍ਸ਼ਟਾਚਾਰ ਦੀ ਵਜ੍ਹਾ ਕਾਰਨ ਪਰਿਵਾਰ 'ਤੇ ਮਾਨਸਿਕ ਦਬਾਅ ਸੀ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਰੰਧਾਵਾ, ਸਾਬਕਾ ਮੰਤਰੀ ਬ੍ਹਮ ਮੋਹਿੰਦਰਾ ਅੱਜ ਸ਼ਾਮ ਪੋਪਲੀ ਦੇ ਘਰ ਪਹੁੰਚੇ। ਰਾਜਾ ਵੜਿੰਗ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਸਰਕਾਰ ਦੇ ਨਿੱਜੀ ਹਿੱਤਾਂ ਕਾਰਨ ਇਕ ਕੀਮਤੀ ਜਾਨ ਚਲੀ ਗਈ। ਇਸੇ ਦੀ ਜਾਨ ਲੈਣਾ ਮੁਆਫੀਯੋਗ ਗੁਨਾਹ ਨਹੀਂ ਹੈ।
ਉਧਰ ਕਾਰਤਿਕ ਪੋਪਲੀ ਦੀ ਮੌਤ ਦੇ ਮਾਮਲੇ 'ਚ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਰੇਡ ਕਰਕੇ ਵਾਪਿਸ ਆ ਚੁੱਕੇ ਸਨ, ਉਸਤੋਂ ਬਾਅਦ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ। ਡੀਐੱਸਪੀ ਅਜੈ ਕੁਮਾਰ ਨੇ ਕਿਹਾ ਕਿ ਦਫਤਰ ਪਹੁੰਚਣ ਤੋਂ ਬਾਅਦ ਉਕਤ ਘਟਨਾ ਵਾਪਰ ਜਾਣ ਬਾਰੇ ਪਤਾ ਲੱਗਾ।
ਉਨ੍ਹਾਂ ਕਿਹਾ ਕਿ ਸੰਜੇ ਪੋਪਲੀ ਤੋਂ ਕੀਤੀ ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਸੋਨਾ ਅਤੇ ਚਾਂਦੀ ਘਰ 'ਚ ਛੁਪਾ ਰੱਖੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਪੋਪਲੀ ਤੋਂ ਕਿਸੇ ਤਰ੍ਹਾਂ ਦੀ ਪੁਛਗਿੱਛ ਨਹੀਂ ਕੀਤੀ ਗਈ। ਉਹ ਆਪਣੇ ਪਿਤਾ ਨੂੰ ਮਿਲਣ ਲਈ ਆਉਂਦਾ ਸੀ, ਜਦੋਂ ਵੀ ਸਮਾਂ ਮਿਲਦਾ ਉਸਨੂੰ ਮਿਲਾ ਦਿੱਤਾ ਜਾਂਦਾ ਸੀ।