ਲੁਧਿਆਣਾ - ਸਿੱਧੂ ਮੂਸੇਵਾਲਾ ਕੇਸ ਵਿਚ ਲੁਧਿਆਣਾ ਪੁਲਿਸ ਵੱਲੋਂ ਜਸਕਰਨ ਸਿੰਘ ਉਰਫ ਕਰਨ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਬਲਦੇਵ ਚੌਧਰੀ ਜੋ ਕਿ ਪਹਿਲਾਂ ਹੀ ਲੁਧਿਆਣਾ ਪੁਲਿਸ ਦੀ ਗ੍ਰਿਫ਼ਤ ਵਿਚ ਹੈ ਉਸ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ। ਜਸਕਰਨ ਕਬੱਡੀ ਖਿਡਾਰੀ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਸਕਰਨ ਦੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸਬੰਧ ਹਨ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਬਲਦੇਵ ਚੌਧਰੀ ਨੂੰ ਜਸਕਰਨ ਵੱਲੋਂ ਹੀ ਹਥਿਆਰ ਸਪਲਾਈ ਕੀਤੇ ਜਾਂਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਬਲਦੇਵ ਚੌਧਰੀ ਜਿਸ ਨੂੰ ਬੀਤੇ ਦਿਨੀਂ ਲੁਧਿਆਣਾ ਪੁਲਿਸ ਵਲੋਂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਤੋਂ ਪੁੱਛਗਿੱਛ ਕੀਤੀ ਗਈ ਸੀ ਤੇ ਉਸ ਨੇ ਦੱਸਿਆ ਕਿ ਜਸਕਰਨ ਸਿੰਘ ਉਰਫ ਕਰਨ ਹੀ ਉਸ ਨੂੰ ਹਥਿਆਰ ਦਿੰਦਾ ਸੀ।
ਉਨ੍ਹਾਂ ਕਿਹਾ ਜਸਕਰਨ ਦੇ ਸਿੱਧੇ ਲਿੰਕ ਲਾਰੈਂਸ ਬਿਸ਼ਨੋਈ ਗੈਂਗ ਨਾਲ ਹਨ। ਸਾਲ 2021 ਦੇ ਵਿਚ ਇੱਕ ਕਤਲ ਮਾਮਲੇ ਤੋਂ ਬਾਅਦ ਇਸ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ ਉਨ੍ਹਾਂ ਕਿਹਾ ਕਿ ਉਸ ਦੇ ਗਰਾਂਡ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਨਾਲ ਵੀ ਜਸਕਰਨ ਦੀ ਗੱਲਬਾਤ ਹੁੰਦੀ ਰਹੀ ਹੈ ਅਤੇ ਗੱਲਬਾਤ ਕੋਈ ਪੁਰਾਣੀ ਨਹੀਂ ਸਗੋਂ ਥੋੜ੍ਹਾ ਸਮਾਂ ਪਹਿਲਾਂ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਜਸਕਰਨ ਨੂੰ ਆਪਣੇ ਮੈਸੇਜ ਅੱਗੇ ਪਹੁੰਚਾਉਣ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਿਚ ਇਸਤੇਮਾਲ ਕਰਦਾ ਸੀ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿਚ ਵੀ ਇਸ ਦੇ ਲਿੰਕ ਤਲਾਸ਼ ਰਹੀ ਹੈ ਅਤੇ ਉਨ੍ਹਾਂ ਨੂੰ ਵੱਡੇ ਸੁਰਾਖ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਜੋ ਲਿੰਕ ਸਾਹਮਣੇ ਆ ਰਹੇ ਹਨ ਉਸ ਦੀ ਤਫਤੀਸ਼ ਕੀਤੀ ਜਾ ਰਹੀ ਹੈ।