Tuesday, November 12, 2024
 

ਪੰਜਾਬ

ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਵਾਪਰਿਆ ਭਾਣਾ

June 23, 2022 03:12 PM

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਰ ਚੋਰ ਗਿਰੋਹ ਸਰਗਰਮ ਹੈ। ਚੋਰ ਘਰ ਜਾਂ ਸੜਕ ਦੇ ਕਿਨਾਰੇ ਖੜ੍ਹੀਆਂ ਕਾਰਾਂ ਵਿੱਚ ਇਮੋਬਿਲਾਈਜ਼ਰ ਸਿਸਟਮ (ਦੂਜੀ ਚਾਬੀ ਨਾਲ ਕਾਰ ਸਟਾਰਟ ਨਹੀਂ ਕਰ ਸਕਦੇ) ਨੂੰ ਬਾਈਪਾਸ ਕਰਕੇ ਕਾਰ ਵੀ ਚੋਰੀ ਕਰ ਲੈਂਦੇ ਹਨ।

ਅੰਮ੍ਰਿਤਸਰ ਦੇ ਗੁਰੂ ਅਮਰਦਾਸ ਐਵੀਨਿਊ 'ਚ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਚੋਰਾਂ ਨੇ ਕਾਰ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਗੁਰੂ ਅਮਰਦਾਸ ਐਵੀਨਿਊ ਅੰਮ੍ਰਿਤਸਰ ਦੇ ਰਹਿਣ ਵਾਲੇ ਅਤੁਲ ਗੁਲਾਟੀ ਨੇ ਦੱਸਿਆ ਕਿ ਉਸ ਨੇ ਰਾਤ ਸਮੇਂ ਆਪਣੀ ਸਿਲਵਰ ਰੰਗ ਦੀ ਹੁੰਡਈ ਵਰਨਾ ਕਾਰ ਨੰਬਰ ਡੀ.ਐਲ.10CS4788 ਘਰ ਦੇ ਬਾਹਰ ਖੜ੍ਹੀ ਕੀਤੀ ਸੀ ਪਰ ਜਦੋਂ ਉਹ 7.30 ਵਜੇ ਘਰ ਤੋਂ ਬਾਹਰ ਆਇਆ ਤਾਂ ਕਾਰ ਉੱਥੇ ਨਹੀਂ ਸੀ।

ਅਤੁਲ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੇਖਣੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਮੁਲਜ਼ਮਾਂ ਦੇ ਆਉਣ-ਜਾਣ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਰੀਬ 10 ਦਿਨ ਪਹਿਲਾਂ ਲੁਟੇਰਿਆਂ ਨੇ ਜੀ.ਟੀ ਰੋਡ 'ਤੇ ਸਥਿਤ ਮਹਿੰਦਰਾ ਸ਼ੋਅਰੂਮ ਦੇ ਬਾਹਰੋਂ ਬੀਟ ਕਾਰ ਚੋਰੀ ਕਰ ਲਈ ਸੀ। ਇਹ ਚੋਰ ਇੰਨੇ ਮਾਹਰ ਸਨ ਕਿ ਉਨ੍ਹਾਂ ਨੇ ਕਾਰ ਦੇ ਇਮੋਬਿਲਾਈਜ਼ਰ ਸਿਸਟਮ ਨੂੰ ਵੀ ਬਾਈਪਾਸ ਕਰ ਦਿੱਤਾ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਦੂਜੇ ਪਾਸੇ ਕਾਰ ਮਾਹਿਰਾਂ ਦਾ ਮੰਨਣਾ ਹੈ ਕਿ ਚੋਰ ਵਾਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਨੇ ਕਾਰ ਦੇ ਇਮੋਬਿਲਾਈਜ਼ਰ ਸਿਸਟਮ ਨੂੰ ਬਾਈਪਾਸ ਕੀਤਾ, ਜੋ ਕਿ ਆਮ ਚੋਰ ਨਹੀਂ ਕਰ ਸਕਦੇ। ਇਮੋਬਿਲਾਈਜ਼ਰ ਇੱਕ ਤਕਨੀਕ ਹੈ ਜਿਸ ਵਿੱਚ ਵਾਹਨ ਨੂੰ ਆਪਣੀ ਚਾਬੀ ਨਾਲ ਸ਼ੁਰੂ ਕੀਤਾ ਜਾਂਦਾ ਹੈ। ਕਾਰ ਦਾ ਇੰਜਣ ਉਦੋਂ ਤੱਕ ਚਾਲੂ ਨਹੀਂ ਹੋਵੇਗਾ ਜਦੋਂ ਤੱਕ ਕਾਰ ਦੇ ਕੀਹੋਲ ਵਿੱਚ ਅਸਲੀ ਚਾਬੀ ਨਹੀਂ ਪਾਈ ਜਾਂਦੀ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe