ਮਾਨਸਾ : ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਪੁਲਿਸ ਨੇ ਸ਼ੂਟਰਾਂ ਨੂੰ ਗੱਡੀ ਮੁਹੱਈਆ ਕਰਵਾਉਣ ਦੇ ਦੋਸ਼ 'ਚ ਕਾਬੂ ਕੀਤੇ ਗਏ ਜ਼ਿਲ੍ਹਾ ਫ਼ਤਿਹਾਬਾਦ ਦੇ ਪਿੰਡ ਬਿਰਡਾਨਾ ਦੇ ਪਵਨ ਬਿਸ਼ਨੋਈ ਅਤੇ ਨਸੀਬ ਖਾਨ ਤੋਂ ਇਲਾਵਾ ਮੋਨੂੰ ਡਾਗਰ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਕੋਰਟ 'ਚ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜਣ ਦੇ ਆਦੇਸ਼ ਦੇ ਦਿੱਤੇ ਗਏ।
ਪਵਨ ਬਿਸ਼ਨੋਈ ਅਤੇ ਨਸੀਬ ਵੱਲੋਂ ਪੇਸ਼ ਹੋਏ ਐਡਵੋਕੇਟ ਪ੍ਰਦੀਪ ਜਾਂਗੜਾ ਅਤੇ ਲਵਪ੍ਰੀਤ ਮਹਿਤਾ ਨੇ ਕਿਹਾ ਕਿ ਮਾਨਸਾ ਪੁਲਿਸ ਨੇ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਸ਼ਾਰਪ ਸ਼ੂਟਰਾਂ ਨੂੰ ਗੱਡੀਆਂ ਉਪਲੱਬਧ ਕਰਵਾਉਣ ਦੇ ਦੋਸ਼ 'ਚ ਕਾਬੂ ਕੀਤਾ ਹੈ ਜਦੋਂਕਿ ਪੁਲਿਸ ਪੁੱਛਗਿੱਛ 'ਚ ਕੋਈ ਠੋਸ ਸਬੂਤ ਨਹੀਂ ਲੱਭ ਸਕੀ।
ਅਦਾਲਤ 'ਚ ਪੇਸ਼ ਕੀਤੇ ਜਾਣ ਤੋਂ ਬਾਅਦ ਪਵਨ ਬਿਸ਼ਨੋਈ ਅਤੇ ਨਸੀਬ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਣ ਦੇ ਆਦੇਸ਼ ਦਿੱਤੇ ਹਨ, ਜਦੋਂਕਿ ਮਾਨਸਾ ਪੁਲਿਸ ਵੱਲੋਂ ਪੋ੍ਡਕਸ਼ਨ ਵਾਰੰਟ 'ਤੇ ਲਏ ਗਏ ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲੀ ਦੇ ਮਨਮੋਹਨ ਸਿੰਘ ਮੋਹਣਾ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ।