ਬਰੈਂਪਟਨ : ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬਰੈਂਪਟਨ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਸਮਾਗਮ ਦਾ ਵਿਰੋਧ ਕੀਤਾ ਗਿਆ ਹੈ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਨੌਜਵਾਨਾਂ ਦੀ ਕੁੱਟਮਾਰ ਦੀ ਖਬਰ ਵੀ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਪਿਛਲੇ 20-25 ਦਿਨਾਂ ਤੋਂ ਭਾਈ ਸਾਹਿਬ ਕੈਨੇਡਾ ਟੂਰ ‘ਤੇ ਹਨ। ਇਸ ਟੂਰ ਦੌਰਾਨ ਉਨ੍ਹਾਂ ਵੱਲੋਂ ਕੈਨੇਡਾ ਦੇ ਸਰੀ, ਟੋਰਾਂਟੋ ਸਣੇ ਹੋਰ ਕਈ ਥਾਵਾਂ ‘ਤੇ ਧਾਰਮਿਕ ਦੀਵਾਨ ਵੀ ਸਜਾਏ ਤੇ ਜਦੋਂ ਉਹ ਧੁੱਗਾ ਬ੍ਰਦਰਜ਼ ਦੇ ਘਰ ਦੇ ਯਾਰਡ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਕਰ ਰਹੇ ਸਨ ਤਾਂ ਇਸ ਦੌਰਾਨ ਕੁਝ ਲੋਕਾਂ ਵੱਲੋਂ ਇਸਦਾ ਵੋਰੋਧ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਤੇ ਕੁਝ ਨੌਜਵਾਨਾਂ ਵਿਚਾਲੇ ਝੜਪ ਹੋ ਗਈ।
ਇਸ ਸਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿੱਥੇ ਬਰੈਂਪਟਨ ਦੇ ਇੱਕ ਨਿੱਜੀ ਘਰ ਦੇ ਯਾਰਡ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਰੱਖਿਆ ਹੋਇਆ ਸੀ। ਜਿਸ ਤੋਂ ਬਾਅਦ ਵਿਰੋਧ ਕਰਨ ਵਾਲਿਆਂ ਤੇ ਪ੍ਰਬੰਧਕਾਂ ਵਿਚਾਲੇ ਝੜਪ ਹੋ ਗਈ।
ਦਰਅਸਲ, ਇੱਥੇ ਵਿਰੋਧ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਇੱਥੇ ਕਿਤੇ ਵੀ ਭਾਈ ਸਾਹਿਬ ਦਾ ਧਾਰਮਿਕ ਸਮਾਗਮ ਨਹੀਂ ਹੋਣ ਦੇਣਗੇ। ਪਰ ਉੱਥੇ ਹੀ ਧਾਰਮਿਕ ਸਮਾਗਮ ਕਰਵਾਉਣ ਵਾਲਿਆਂ ਦਾ ਕਹਿਣਾ ਸੀ ਕਿ ਇਹ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਬਲਕਿ ਉਨ੍ਹਾਂ ਦੇ ਘਰ ਦਾ ਯਾਰਡ ਹੈ, ਜਿੱਥੇ ਇਹ ਸਮਾਗਮ ਹੋ ਰਿਹਾ ਹੈ ।
ਕੈਨੇਡਾ ਦੇ ਕਾਨੂੰਨ ਮੁਤਾਬਕ ਕਿਸੇ ਦੀ ਨਿੱਜੀ ਜਾਇਦਾਦ ਵਿੱਚ ਕੋਈ ਵੀ ਸਮਾਗਮ ਰੋਕਿਆ ਨਹੀਂ ਜਾ ਸਕਦਾ। ਜਿਸ ਲਈ ਸਖਤ ਕ਼ਾਨੂਨ ਬਣਾਏ ਗਏ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।