ਨਵੀਂ ਦਿੱਲੀ : ਅਗਨੀਪਥ ਯੋਜਨਾ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਚਾਰ ਸਾਲ ਦੀ ਸਰਵਿਸ ਤੋਂ ਬਾਅਦ ਅਗਨੀਵੀਰ ਨੂੰ ਮਹਿੰਦਰਾ ਗਰੁੱਪ 'ਚ ਕੰਮ ਕਰਨ ਦਾ ਮੌਕਾ ਮਿਲੇਗਾ।
ਦੱਸ ਦੇਈਏ ਕਿ ਅਗਨੀਪਥ ਯੋਜਨਾ ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਸੀ, ਉਦੋਂ ਤੋਂ ਲਗਾਤਾਰ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸਕੀਮ ਵਿੱਚ ਪੈਨਸ਼ਨ ਖ਼ਤਮ ਕਰ ਦਿੱਤੀ ਗਈ ਹੈ, ਜਦਕਿ ਸੇਵਾ ਸਿਰਫ਼ ਚਾਰ ਸਾਲ ਤੱਕ ਸੀਮਤ ਕਰ ਦਿੱਤੀ ਗਈ ਹੈ, ਜੋ ਕਿ ਠੀਕ ਨਹੀਂ ਹੈ। ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਵਿਦਿਆਰਥੀਆਂ ਦਾ ਸਵਾਲ ਹੈ ਕਿ ਜਦੋਂ ਉਹ ਚਾਰ ਸਾਲ ਬਾਅਦ ਸੇਵਾਮੁਕਤ ਹੋਣਗੇ ਤਾਂ ਉਹ ਕੀ ਕਰਨਗੇ?
ਇਸ ਦੇ ਚਲਦੇ ਹੀ ਹੁਣ ਆਨੰਦ ਮਹਿੰਦਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ''ਅਗਨੀਪਥ ਯੋਜਨਾ ਦੇ ਐਲਾਨ ਤੋਂ ਬਾਅਦ ਜਿਸ ਤਰ੍ਹਾਂ ਦੀ ਹਿੰਸਾ ਹੋ ਰਹੀ ਹੈ, ਉਸ ਤੋਂ ਮੈਂ ਦੁਖੀ ਅਤੇ ਨਿਰਾਸ਼ ਹਾਂ। ਇਹ ਯੋਜਨਾ ਹੁਨਰਮੰਦ ਅਗਨੀਵੀਰਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਵੇਗੀ। ਮਹਿੰਦਰਾ ਗਰੁੱਪ ਅਜਿਹੇ ਸਿੱਖਿਅਤ ਅਤੇ ਕਾਬਲ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਦੇਵੇਗਾ।''
ਆਨੰਦ ਮਹਿੰਦਰਾ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਉਹ ਅਗਨੀਵੀਰ ਨੂੰ ਕੰਪਨੀ ਵਿੱਚ ਕਿਹੜੀ ਪੋਸਟ ਦੇਣਗੇ? ਜਿਸ 'ਤੇ ਉਨ੍ਹਾਂ ਜਵਾਬ ਦਿਤਾ, ''ਲੀਡਰਸ਼ਿਪ ਗੁਣਵੱਤਾ, ਟੀਮ ਵਰਕ ਅਤੇ ਸਰੀਰਕ ਸਿਖਲਾਈ ਉਦਯੋਗ ਨੂੰ ਅਗਨੀਵੀਰ ਦੇ ਰੂਪ ਵਿੱਚ ਤਿਆਰ ਕਰਕੇ ਰੁਜ਼ਗਾਰ ਦੇ ਕਾਬਲ ਬਣਾਵੇਗੀ। ਇਹ ਨੌਜਵਾਨ ਪ੍ਰਸ਼ਾਸਨ, ਸਪਲਾਈ ਚੇਨ ਮੈਨੇਜਮੈਂਟ ਦਾ ਕੰਮ ਕਿਤੇ ਵੀ ਕਰ ਸਕਦੇ ਹਨ।