ਭਾਰਤੀ ਸਟੇਟ ਬੈਂਕ 'ਚ ਖਾਤਾ ਰੱਖਣ ਵਾਲਿਆਂ ਲਈ ਅਹਿਮ ਖ਼ਬਰ ਹੈ। ਜੇਕਰ ਤੁਹਾਡਾ ਵੀ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ 'ਚ ਖਾਤਾ ਹੈ ਤਾਂ ਸਾਵਧਾਨ ਹੋ ਜਾਓ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਿਰਫ਼ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਕਰਕੇ ਅਕਾਊਂਟ ਨੂੰ ਅਨਬਲੌਕ ਕਰ ਸਕਦੇ ਹੋ। ਪੀਆਈਬੀ ਨੇ ਟਵੀਟ ਕਰਕੇ ਇਸ ਵਾਇਰਲ ਪੋਸਟ ਦੀ ਜਾਣਕਾਰੀ ਦਿੱਤੀ ਹੈ।
PIB ਨੇ ਕੀਤਾ ਟਵੀਟ
ਪੀਆਈਬੀ ਨੇ ਆਪਣੇ ਅਧਿਕਾਰਤ ਟਵੀਟ 'ਚ ਲਿਖਿਆ ਹੈ ਕਿ ਇੱਕ ਫਰਜ਼ੀ ਮੈਸੇਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਤੁਹਾਡਾ ਐਸਬੀਆਈ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਜੇਕਰ ਅਜਿਹਾ ਹੈ ਤਾਂ ਹੁਣ ਤੁਸੀਂ ਸਿਰਫ਼ ਆਪਣੇ ਨਿੱਜੀ ਵੇਰਵਿਆਂ ਨੂੰ ਸਾਂਝਾ ਕਰਕੇ ਆਪਣੇ ਬਲੌਕ ਕੀਤੇ ਅਕਾਊਂਟ ਨੂੰ ਮੁੜ ਐਕਟਿਵੇਟ ਕਰ ਸਕਦੇ ਹੋ।
ਨਿੱਜੀ ਵੇਰਵੇ ਨਹੀਂ ਮੰਗਦਾ ਬੈਂਕ
ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਕਿ ਜੇਕਰ ਤੁਹਾਨੂੰ ਅਜਿਹਾ ਕੋਈ ਮੈਸੇਜ ਜਾਂ ਈ-ਮੇਲ ਮਿਲਦੀ ਹੈ ਤਾਂ ਇਸ ਤੋਂ ਸਾਵਧਾਨ ਰਹੋ, ਕਿਉਂਕਿ ਬੈਂਕ ਵੱਲੋਂ ਅਜਿਹਾ ਕੋਈ ਮੈਸੇਜ ਜਾਂ ਈ-ਮੇਲ ਨਹੀਂ ਭੇਜਿਆ ਜਾਂਦਾ ਹੈ। ਬੈਂਕ ਕਦੇ ਵੀ ਕਿਸੇ ਗਾਹਕ ਦੇ ਨਿੱਜੀ ਵੇਰਵੇ ਜਾਂ ਬੈਂਕਿੰਗ ਵੇਰਵੇ ਨਹੀਂ ਪੁੱਛਦਾ।
ਅਧਿਕਾਰਤ ਵੈੱਬਸਾਈਟ 'ਤੇ ਕਰੋ ਚੈੱਕ
ਤੁਸੀਂ ਅਜਿਹੇ ਮੈਸੇਜਾਂ ਦੀ ਰਿਪੋਰਟ phishing@sbi.co.in 'ਤੇ ਕਰ ਸਕਦੇ ਹੋ। ਇਸ ਅਧਿਕਾਰਤ ਵੈੱਬਸਾਈਟ 'ਤੇ ਇਹ ਵੀ ਲਿਖਿਆ ਗਿਆ ਹੈ ਕਿ ਸਾਈਬਰ ਧੋਖਾਧੜੀ ਤੋਂ ਸੁਚੇਤ ਰਹੋ ਅਤੇ ਆਪਣੇ ਪੈਸੇ ਨੂੰ ਸੁਰੱਖਿਅਤ ਰੱਖੋ।
ਫਰਜ਼ੀ ਮੈਸੇਜਾਂ ਤੋਂ ਰਹੋ ਸਾਵਧਾਨ
ਪੀਆਈਬੀ ਨੇ ਫੈਕਟ ਚੈੱਕ ਤੋਂ ਬਾਅਦ ਇਸ ਮੈਸੇਜ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਕਿਹਾ ਕਿ ਹਰ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਜਿਹੇ ਮੈਸੇਜਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਪੀਆਈਬੀ ਨੇ ਲੋਕਾਂ ਨੂੰ ਅਜਿਹੇ ਮੈਸੇਜਾਂ ਨੂੰ ਅੱਗੇ ਨਾ ਭੇਜਣ ਲਈ ਕਿਹਾ ਹੈ। ਅਜਿਹੇ ਮੈਸੇਜਾਂ ਤੋਂ ਗੁੰਮਰਾਹ ਹੋ ਕੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਅਤੇ ਪੈਸੇ ਨੂੰ ਜ਼ੋਖ਼ਮ 'ਚ ਪਾ ਸਕਦੇ ਹੋ।
ਤੁਸੀਂ ਵੀ ਕਰ ਸਕਦੇ ਹੋ ਫੈਕਟ ਚੈੱਕ
ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਤੁਸੀਂ ਉਸ ਦੀ ਸੱਚਾਈ ਜਾਣਨ ਲਈ ਫੈਕਟ ਚੈੱਕ ਕਰ ਸਕਦੇ ਹੋ। ਤੁਸੀਂ PIB ਰਾਹੀਂ ਤੱਥਾਂ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ WhatsApp ਨੰਬਰ +918799711259 ਜਾਂ ਈਮੇਲ : pibfactcheck@gmail.com 'ਤੇ ਵੀ ਭੇਜ ਸਕਦੇ ਹੋ।