Red Corner Notice
ਇੰਟਰਪੋਲ ਨੇ ਵੀਰਵਾਰ ਦੇਰ ਸ਼ਾਮ ਭਾਰਤ ਦੇ 2 ਵੱਡੇ ਅਪਰਾਧੀਆਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇਨ੍ਹਾਂ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣਿਆ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਸ਼ਾਮਲ ਹਨ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਇੰਟਰਪੋਲ ਹੈੱਡਕੁਆਰਟਰ ਲਿਓਨ ਤੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਬਾਰੇ ਇੰਟਰਪੋਲ ਨੂੰ ਬੇਨਤੀ ਕੀਤੀ ਸੀ ਕਿ ਇਹ ਦੋਵੇਂ ਅਪਰਾਧੀ ਭਾਰਤ ਵਿੱਚ ਕਈ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਇਨ੍ਹਾਂ 'ਚੋਂ ਇਕ ਅੱਤਵਾਦੀ ਗਤੀਵਿਧੀਆਂ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਦੋਵਾਂ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਇੰਟਰਪੋਲ ਹੈੱਡਕੁਆਰਟਰ ਨੇ ਦੋਵਾਂ ਅਪਰਾਧੀਆਂ ਦੀ ਜਾਂਚ ਤੋਂ ਬਾਅਦ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸ ਰੈੱਡ ਕਾਰਨਰ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਹੁਣ ਇੰਟਰਪੋਲ ਦੇ ਸਾਰੇ ਮੈਂਬਰ ਦੇਸ਼ਾਂ ਦੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਦੋਵਾਂ ਨੂੰ ਗ੍ਰਿਫਤਾਰ ਕਰਨ ਦੇ ਅਧਿਕਾਰ ਮਿਲ ਗਏ ਹਨ।
ਰਿੰਦਾ ਪਾਕਿਸਤਾਨ ਵਿੱਚ ਹੈ!
ਇਨ੍ਹਾਂ ਵਿੱਚੋਂ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਇੱਕ ਗੈਂਗਸਟਰ ਸੀ ਪਰ ਬਾਅਦ ਵਿੱਚ ਉਹ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਆ ਕੇ ਖਾਲਿਸਤਾਨੀ ਦਹਿਸ਼ਤਗਰਦੀ ਵਿੱਚ ਸ਼ਾਮਲ ਹੋ ਗਿਆ। ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਅਦਾਲਤ ਵਿੱਚ ਬੰਬ ਧਮਾਕਾ ਹੋਵੇ ਜਾਂ ਹਥਿਆਰਾਂ ਦੀ ਵੱਡੀ ਤਸਕਰੀ ਦਾ ਮਾਮਲਾ ਹੋਵੇ ਜਾਂ ਪੰਜਾਬ ਪੁਲੀਸ ਦੇ ਸੀਆਈਡੀ ਹੈੱਡਕੁਆਰਟਰ ’ਤੇ ਹਮਲਾ ਹੋਵੇ, ਇਹ ਸਾਰੀਆਂ ਤਾਰਾਂ ਕਿਤੇ ਨਾ ਕਿਤੇ ਜਾ ਕੇ ਰਿੰਦਾ ਨਾਲ ਜੁੜਦੀਆਂ ਰਹੀਆਂ। ਹਰਵਿੰਦਰ ਸਿੰਘ ਇਨ੍ਹੀਂ ਦਿਨੀਂ ਪਾਕਿਸਤਾਨ 'ਚ ਦੱਸਿਆ ਗਿਆ ਹੈ, ਜਿੱਥੇ ਬੈਠ ਕੇ ਉਹ ਆਪਣੇ ਸੰਪਰਕਾਂ ਰਾਹੀਂ ਭਾਰਤ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਦਾ ਹੈ।
ਗੋਲਡੀ ਬਰਾੜ ਕੈਨੇਡਾ 'ਚ ਹੈ!
ਦੂਜਾ ਦੋਸ਼ੀ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਹੈ, ਜੋ ਕਿ ਇਸ ਸਮੇਂ ਕੈਨੇਡਾ ਵਿਚ ਦੱਸਿਆ ਜਾਂਦਾ ਹੈ। ਉਹ ਪੰਜਾਬ ਦੇ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਉਸ 'ਤੇ ਪੰਜਾਬ 'ਚ ਵੀ ਕਈ ਮਾਮਲੇ ਦਰਜ ਹਨ।
ਪੰਜਾਬ ਪੁਲੀਸ ਵੱਲੋਂ ਉਸ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਹੈ ਅਤੇ ਪੰਜਾਬ ਅਦਾਲਤ ਵੱਲੋਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ। 2 ਜੂਨ, 2022 ਨੂੰ, ਕੇਂਦਰੀ ਜਾਂਚ ਬਿਊਰੋ ਨੇ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਇੰਟਰਪੋਲ ਨੂੰ ਬੇਨਤੀ ਭੇਜੀ। ਜਿਸ ਦੇ ਆਧਾਰ 'ਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਅਪਰਾਧੀਆਂ ਨੂੰ ਹੁਣ ਦੁਨੀਆ ਦੇ ਇੰਟਰਪੋਲ ਨਾਲ ਜੁੜੇ ਦੇਸ਼ਾਂ ਦੀ ਕਿਸੇ ਵੀ ਪੁਲਸ ਅਤੇ ਸੁਰੱਖਿਆ ਏਜੰਸੀ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ।