ਨਵੀਂ ਦਿੱਲੀ : ਆਈਆਈਟੀ ਦਿੱਲੀ ਵਿੱਚ ਕੰਪਿਊਟਰ ਸਾਇੰਸ ਦੇ ਤੀਜੇ ਸਾਲ ਦੇ ਵਿਦਿਆਰਥੀ ਕਲਸ਼ ਗੁਪਤਾ ਨੇ 87 ਦੇਸ਼ਾਂ ਦੇ 1 ਲੱਖ ਤੋਂ ਵੱਧ ਕੋਡਰਾਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਜਿੱਤਣ 'ਤੇ, ਕਲਸ਼ ਗੁਪਤਾ ਨੂੰ 10, 000 ਡਾਲਰ ਦੀ ਇਨਾਮੀ ਰਾਸ਼ੀ ਦੇ ਨਾਲ 'ਵਰਲਡਜ਼ ਬੈਸਟ ਕੋਡਰ' ਦਾ ਖਿਤਾਬ ਮਿਲਿਆ ਹੈ। ਇਹ ਕੋਡ ਵੀਟਾ ਦਾ ਦਸਵਾਂ ਸੀਜ਼ਨ ਸੀ।
ਟਾਟਾ ਕੰਸਲਟੈਂਸੀ ਸਰਵਿਸਿਜ਼ ਹਰ ਸਾਲ ਗਲੋਬਲ ਪ੍ਰੋਗਰਾਮਿੰਗ ਮੁਕਾਬਲੇ ਦਾ ਆਯੋਜਨ ਕਰਦੀ ਹੈ। ਇੰਨਾ ਹੀ ਨਹੀਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ ਹੈ। ਕਈ ਆਈਆਈਟੀ ਸਮੇਤ ਵੱਖ-ਵੱਖ ਭਾਰਤੀ ਯੂਨੀਵਰਸਿਟੀਆਂ ਦੇ 21 ਵਿਦਿਆਰਥੀ "ਵਿਸ਼ਵ ਵਿੱਚ ਚੋਟੀ ਦੇ ਕੋਡਰਾਂ" ਦੀ ਸੂਚੀ ਵਿੱਚ ਸ਼ਾਮਲ ਹਨ।
ਇਹ ਖਿਤਾਬ ਜਿੱਤਣ ਵਾਲੇ ਕਲਸ਼ ਗੁਪਤਾ ਨੇ 2018 ਵਿੱਚ ਆਈਆਈਟੀ ਵਿੱਚ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਉਹ ਦਿੱਲੀ ਜ਼ੋਨ ਦਾ ਟਾਪਰ ਰਿਹਾ।
ਕਲਸ਼ ਨੇ ਨਤੀਜਿਆਂ ਦੀ ਘੋਸ਼ਣਾ ਦੇ ਤੁਰੰਤ ਬਾਅਦ ਇੱਕ ਬਿਆਨ ਵਿੱਚ ਕਿਹਾ, "ਜਦੋਂ ਮੈਂ ਮੁਕਾਬਲਾ ਸ਼ੁਰੂ ਕੀਤਾ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਟਾਪ ਤਿੰਨ ਵਿੱਚ ਹੋਵਾਂਗਾ ਪਰ ਇਹ ਇੱਕ ਸ਼ਾਨਦਾਰ ਅਨੁਭਵ ਹੈ। ਮੈਂ ਇਨਾਮੀ ਰਾਸ਼ੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"