ਚੰਡੀਗੜ੍ਹ : ਆਮ ਆਦਮੀ ਪਾਰਟੀ ਸੰਤ ਬਲਬੀਰ ਸੀਚੇਵਾਲ ਨੂੰ ਰਾਜ ਸਭਾ ਭੇਜ ਸਕਦੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਾਨ ਨੇ ਸੀਚੇਵਾਲ ਪਿੰਡ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪੰਜਾਬ ਵਿਚ 24 ਤੋਂ 31 ਮਈ ਤੱਕ ਰਾਜ ਸਭਾ ਦੀਆਂ 2 ਸੀਟਾਂ ‘ਤੇ ਚੋਣ ਲਈ ਨਾਮਜ਼ਦਗੀ ਭਰੀ ਜਾਣੀ ਹੈ।
117 ‘ਚੋਂ 92 ਵਿਧਾਇਕ ਹੋਣ ਦੀ ਵਜ੍ਹਾ ਨਾਲ ਦੋਵੇਂ ਸੀਟਾਂ ‘ਆਪ’ ਦੇ ਖਾਤੇ ਵਿਚ ਜਾਣੀਆਂ ਤੈਅਹਨ। ਹੁਣ ਤੱਕ ਆਪ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਨੇ ਵੀ ਸੀਚੇਵਾਲ ਨੂੰ ਰਾਜ ਸਭਾ ਭੇਜਣ ਦਾ ਪ੍ਰਸਤਾਵ ਦਿੱਤਾ ਹੋਇਆ ਹੈ। ਸੀਚੇਵਾਲ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮਿਲ ਚੁੱਕੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਤ ਸੀਚੇਵਾਲ ਨੇ ਅਜੇ ਤੱਕ ਕਿਸੇ ਵੀ ਪਾਰਟੀ ਨੂੰ ਹਾਂ ਨਹੀਂ ਕੀਤੀ ਹੈ। ਉਹ ਸਿਆਸਤ ਵਿਚ ਉਤਰਨ ਨੂੰ ਲੈ ਕੇ ਦੁਚਿੱਤੀ ਵਿਚ ਹਨ।
ਆਪ ਇਨ੍ਹਾਂ ਦੋਵੇਂ ਸੀਟਾਂ ਨੂੰ ਲੈ ਕੇ ਜ਼ਿਆਦਾ ਸਹਿਜ ਹੈ ਕਿਉਂਕਿ ਅਪ੍ਰੈਲ ਵਿਚ 5 ਸੀਟਾਂ ਲਈ ਰਾਜ ਸਭਾ ਭੇਜੇ ਗਏ ਲੋਕਾਂ ਦੀ ਚੋਣ ਨੂੰ ਲੈ ਕੇ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਸੀ। ਕ੍ਰਿਕਟ ਹਰਭਜਨ ਸਿੰਘ ਨੂੰ ਛੱਡ ਕੇ ਕਿਸੇ ਵੀ ਸਿੱਖ ਨੂੰ ਨਹੀਂ ਲਿਆ ਗਿਆ ਤੇ ਦੋ ਸੀਟਾਂ ਪੰਜਾਬ ਤੋਂ ਬਾਹਰ ਦੇ ਨੇਤਾਵਾਂ ਨੂੰ ਵੀ ਦਿੱਤੀਆਂ ਗਈਆਂ।
ਪਾਰਟੀ ਅਜਿਹੇ ਦੋ ਉਮੀਦਵਾਰਾਂ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਹੈ ਜੋ ਸਿੱਖ ਹੋਣ ਪੰਜਾਬ ਤੋਂ ਹੋਣ ਤੇ ਉਨ੍ਹਾਂ ਦਾ ਸਮਾਜਿਕ ਕੰਮਾਂ ਵਿਚ ਨਾਂ ਹੋਵੇ, ਇਸ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਂ ਦੇ ਪ੍ਰਸਤਾਵ ਦੀ ਚਰਚਾ ਹੈ।
ਸੰਤ ਸੀਚੇਵਾਲ ਨੇ 160 ਕਿਲੋਮੀਟਰ ਕਾਲੀ ਵੇਈ ਨਦੀ ਨੂੰ ਇਕੱਲੇ ਸਾਫ ਕੀਤਾ ਸੀ। ਇਸ ਨਦੀ ਵਿਚ 40 ਪਿੰਡਾਂ ਦੇ ਲੋਕ ਕੂੜਾ ਸੁੱਟਦੇ ਸਨ। ਸੀਚੇਵਾਲ ਨੇ 2000 ਵਰਕਰਾਂ ਨੂੰ ਲੈ ਕੇ ਇਸ ਨੂੰ ਸਾਫ ਕੀਤਾ। ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਕੇਂਦਰ ਤੋਂ ਵੀ ਕਈ ਇਨਾਮ ਸੰਤ ਸੀਚੇਵਾਲ ਨੂੰ ਮਿਲ ਚੁਕੇ ਹਨ।