ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 22 ਮਈ ਨੂੰ ਇਕ ਮੰਚ ’ਤੇ ਹੋਣਗੇ। ਇਨ੍ਹਾਂ ਵਲੋਂ ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ 600 ਤੋਂ ਵੱਧ ਕਿਸਾਨਾਂ ਦੇ ਪ੍ਰਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦੇਣ ਦਾ ਪ੍ਰੋਗਰਾਮ ਹੈ।
ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਪੰਜਾਬ, ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਰਖਿਆ ਗਿਆ ਹੈ। ਭਾਵੇਂ ਤੇਲੰਗਾਨਾ ਦੇ ਮੁੱਖ ਮੰਤਰੀ ਵਲੋਂ ਐਲਾਨੀ ਪ੍ਰਤੀ ਪ੍ਰਵਾਰ 3-3 ਲੱਖ ਰੁਪਏ ਦੀ ਵਿੱਤੀ ਸਹਾਇਤਾ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਸ਼ਹੀਦ ਪ੍ਰਵਾਰਾਂ ਨੂੰ ਦਿਤੀ ਜਾ ਰਹੀ ਹੈ ਪਰ ਇਸ ਵਿਚ ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਹੀਂ ਸੱਦੇ ਗਏ।
ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ 22 ਮਈ ਬਾਅਦ ਦੁਪਹਿਰ ਹੋਣ ਵਾਲੇ ਇਸ ਪ੍ਰੋਗਰਾਮ ਦੇ ਸਿਆਸੀ ਮਾਇਨੇ ਵੀ ਹੋ ਸਕਦੇ ਹਨ ਕਿਉਂਕਿ ਕੇਜਰੀਵਾਲ ਤੇ ਚੰਦਰ ਸ਼ੇਖਰ ਦੋਵੇਂ ਹੀ ਲੋਕ ਸਭਾ 2024 ਤੋਂ ਪਹਿਲਾਂ ਕੋਈ ਤੀਜਾ ਬਦਲ ਬਣਾਉਣ ਲਈ ਯਤਨਸ਼ੀਲ ਹਨ।