ਚੰਡੀਗੜ੍ਹ : ਪੰਜਾਬ ਇਨ੍ਹੀਂ ਦਿਨੀਂ ਪੰਜਵੀਂ ਹੀਟਵੇਵ ਦੀ ਲਪੇਟ ਵਿੱਚ ਹੈ। 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਗਰਮ ਹਵਾਵਾਂ ਕਾਰਨ ਦੋ ਦਿਨਾਂ ਵਿੱਚ ਪਾਰਾ 2 ਤੋਂ 3 ਡਿਗਰੀ ਤੱਕ ਵਧ ਗਿਆ ਹੈ। ਸ਼ਨੀਵਾਰ ਨੂੰ ਮੁਕਤਸਰ ਜ਼ਿਲਾ ਸੂਬੇ ਦਾ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ 16 ਦੀ ਸ਼ਾਮ ਤੋਂ ਮੌਸਮ ਵਿੱਚ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ। 17 ਮਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਵਧਦੇ ਤਾਪਮਾਨ ਦੇ ਮੱਦੇਨਜ਼ਰ ਸੂਬੇ ਵਿੱਚ ਮੌਸਮ ਵਿਭਾਗ ਵੱਲੋਂ ਦੋ ਦਿਨਾਂ ਯਾਨੀ ਐਤਵਾਰ ਅਤੇ ਸੋਮਵਾਰ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 1 ਮਾਰਚ ਤੋਂ ਬਾਅਦ ਪੰਜਾਬ ਵਿੱਚ ਇਹ ਪੰਜਵੀਂ ਹੀਟਵੇਵ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ ਵਿੱਚ ਖੁਸ਼ਕ ਮੌਸਮ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਹੀਟ ਵੇਵ ਦੇ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਤਾਜ਼ਾ ਵੈਸਟਰਨ ਡਿਸਟਰਬੈਂਸ ਦੇ ਬਣਨ ਨਾਲ 16 ਅਤੇ 17 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਵਿਭਾਗ ਨੇ ਹਨ੍ਹੇਰੀ ਦੇ ਨਾਲ-ਨਾਲ ਧੂੜ ਭਰੀ ਹਨੇਰੀ ਦੀ ਵੀ ਸੰਭਾਵਨਾ ਜਤਾਈ ਹੈ।