ਬੈਂਕਾਕ : ਐੱਚ. ਐੱਸ. ਪ੍ਰਣਯ ਨੇ ਫੈਸਲਾਕੁੰਨ ਪੰਜਵੇਂ ਮੈਚ ਵਿਚ ਸ਼ਾਨਦਾਰ ਜਜ਼ਬਾ ਦਿਖਾਇਆ, ਜਿਸ ਨਾਲ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਇੱਥੇ ਰੋਮਾਂਚਕ ਸੈਮੀਫਾਈਨਲ ਵਿਚ ਡੈੱਨਮਾਰਕ ਨੂੰ 3-2 ਨਾਲ ਹਰਾ ਕੇ ਥਾਮਸ ਕੱਪ ਦੇ ਫਾਈਨਲ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ।
ਭਾਰਤੀ ਟੀਮ 1979 ਤੋਂ ਬਾਅਦ ਤੋਂ ਕਦੇ ਵੀ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੀ ਸੀ ਪਰ ਉਸ ਨੇ ਜੁਝਾਰੂ ਜਜ਼ਬਾ ਦਿਖਾਉਂਦੇ ਹੋਏ 2016 ਦੇ ਚੈਂਪੀਅਨ ਡੈੱਨਮਾਰਕ ਨੂੰ ਹਰਾ ਦਿੱਤਾ।
ਵਿਸ਼ਵ ਚੈਂਪੀਅਨਸ਼ਿਪ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ 8ਵੇਂ ਨੰਬਰ ਦੀ ਡਬਲਜ਼ ਜੋੜੀ ਨੇ ਭਾਰਤ ਨੂੰ ਫਾਈਨਲ ਦੀ ਦੌੜ ਵਿਚ ਬਣਾਈ ਰੱਖਿਆ ਪਰ 2-2 ਦੀ ਬਰਾਬਰੀ ਤੋਂ ਬਾਅਦ ਐੱਚ. ਐੱਸ. ਪ੍ਰਣਯ ਨੇ ਟੀਮ ਨੂੰ ਇਤਿਹਾਸ ਰਚਣ ਵਿਚ ਮਦਦ ਕੀਤੀ।
ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਰਾਸਮਸ ਗੇਮੇਕੇ ਵਿਰੁੱਧ ਪ੍ਰਣਯ ਨੂੰ ਕੋਰਟ ’ਤੇ ਤਿਲਕਣ ਕਾਰਨ ਗੋਡੇ ਵਿਚ ਸੱਟ ਵੀ ਲੱਗੀ ਪਰ ਇਸ ਭਾਰਤੀ ਨੇ ਮੈਡੀਕਲ ਟਾਈਮ ਆਊਟ ਲੈਣ ਤੋਂ ਬਾਅਦ ਮੁਕਾਬਲਾ 13-21, 21-9, 21-12 ਨਾਲ ਜਿੱਤ ਦਰਜ ਕਰਕੇ ਭਾਰਤ ਦਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਕਰਵਾ ਦਿੱਤਾ।
ਭਾਰਤੀ ਟੀਮ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਰਿਹਾ, ਜਿਸ ਨੇ ਵੀਰਵਾਰ ਨੂੰ ਪੰਜ ਵਾਰ ਦੀ ਚੈਂਪੀਅਨ ਮਲੇਸ਼ੀਆ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ 43 ਸਾਲ ਦੇ ਇੰਤਜ਼ਾਰ ਨੂੰ ਖਤਮ ਕੀਤਾ ਸੀ।