ਕਿਹਾ, ਪਾਵਰ ਪਲਾਂਟਾਂ ਲਈ ਕੋਲੇ ਦੀ ਢੁੱਕਵੀਂ ਸਪਲਾਈ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹਰ ਸੰਭਵ ਕੋਸ਼ਿਸ਼
ਚੰਡੀਗੜ੍ਹ : ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸਪੱਸ਼ਟ ਕੀਤਾ ਕਿ ਭਾਵੇਂ ਦੇਸ਼ ਬਿਜਲੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਬਿਜਲੀ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਅਸੀਂ ਝੋਨੇ ਦੀ ਲਵਾਈ ਦੇ ਸੀਜ਼ਨ ਲਈ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਝੋਨੇ ਦੀ ਪੜਾਅਵਾਰ ਲਵਾਈ ਸਬੰਧੀ ਸੁਝਾਏ ਗਏ ਫਾਰਮੂਲੇ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਫਾਰਮੂਲੇ ਨੂੰ ਅਪਣਾਉਣ ਨਾਲ ਬਿਜਲੀ ਦੀ ਕਿੱਲਤ ਤੋਂ ਇਲਾਵਾ ਮਜ਼ਦੂਰਾਂ ਅਤੇ ਖਾਦ ਦੀ ਘਾਟ ਵਰਗੇ ਹੋਰ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਸ਼ਿਕਵਾ ਹੈ ਤਾਂ ਅਸੀਂ ਸੁਖਾਵੇਂ ਹੱਲ ਲਈ ਕਮੇਟੀ ਬਣਾਉਣ ਵਾਸਤੇ ਤਿਆਰ ਹਾਂ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੀ ਰਵਾਇਤੀ ਪ੍ਰਣਾਲੀ ਨੂੰ ਛੱਡ ਕੇ ਸਿੱਧੀ ਬਿਜਾਈ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਖੇਤੀ ਮਾਹਿਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤਾਂ ਸਿੱਧੀ ਬਿਜਾਈ ਨਾਲ ਝਾੜ ‘ਤੇ ਕੋਈ ਅਸਰ ਨਹੀਂ ਪਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਹਿਲਾਂ ਹੀ ਸਾਰੇ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਹ ਸਹੂਲਤ 1 ਜੁਲਾਈ ਤੋਂ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਮੁਲਾਜ਼ਮਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਅਪ੍ਰੈਲ 2022 ਦੇ ਮਹੀਨੇ ਦੌਰਾਨ, ਪੀ.ਐਸ.ਪੀ.ਸੀ.ਐਲ ਨੇ 49, 117 ਐਲਯੂ (ਔਸਤ ਮੰਗ 6822 ਮੈਗਾਵਾਟ) ਦੀ ਸਪਲਾਈ ਕੀਤੀ ਹੈ ਜੋ ਕਿ ਅਪ੍ਰੈਲ 2021 ਦੌਰਾਨ ਕੀਤੀ ਗਈ 37, 168 ਐਲਯੂ ਸਪਲਾਈ (ਔਸਤ ਮੰਗ 5162 ਮੈਗਾਵਾਟ) ਨਾਲੋਂ 32 ਫੀਸਦ ਵੱਧ ਹੈ। ਇਸੇ ਤਰ੍ਹਾਂ ਮਈ 2021 ਦੌਰਾਨ ਕੀਤੀ ਗਈ 1325 ਐਲਯੂ (ਔਸਤ ਮੰਗ 6467 ਮੈਗਾਵਾਟ ) ਸਪਲਾਈ ਦੇ ਮੁਕਾਬਲੇ 9 ਮਈ, 2022 ਤੱਕ 1802 ਐਲਯੂ (ਔਸਤ ਮੰਗ 8932 ਮੈਗਾਵਾਟ ) ਦੀ ਸਪਲਾਈ ਕੀਤੀ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 36 ਫੀਸਦ ਵੱਧ ਹਨ। ਪਿਛਲੇ ਸਾਲ ਦਰਜ ਕੀਤੀ ਗਈ 6791 ਮੈਗਾਵਾਟ ਮੰਗ ਦੇ ਮੁਕਾਬਲੇ ਮਈ 2022 ਦੌਰਾਨ 9 ਮਈ, 2022 ਤੱਕ 9441 ਮੈਗਾਵਾਟ ਦੀ ਪੀਕ ਡਿਮਾਂਡ ਦਰਜ ਕੀਤੀ ਗਈ ਹੈ।
ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਕਮਰਸ਼ੀਅਲ ਪੀ.ਐਸ.ਪੀ.ਸੀ.ਐਲ. ਬਲਦੇਵ ਸ਼ਰਮਾ, ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਪੀ.ਐਸ.ਗਰੇਵਾਲ, ਸਕੱਤਰ ਖੇਤੀਬਾੜੀ ਦਿਲਰਾਜ ਸਿੰਘ ਸੰਧਾਵਾਲੀਆ, ਵਿਸ਼ੇਸ਼ ਸਕੱਤਰ ਜਲ ਸਪਲਾਈ ਪਰਮਪਾਲ ਕੌਰ, ਵਧੀਕ ਸਕੱਤਰ ਮਾਲ ਕੈਪਟਨ ਕਰਨੈਲ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸਖਜਿੰਦਰ ਸਿੰਘ ਖੋਸਾ ਹਾਜ਼ਰ ਸਨ।