ਮੁੰਬਈ : IPL ਦੀ ਸਭ ਤੋਂ ਸਫਲ ਟੀਮ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਅਹਿਮ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸੱਟ ਕਾਰਨ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਸੂਰਿਆਕੁਮਾਰ ਦੇ ਜ਼ਖਮੀ ਹੋਣ ਦੀ ਖਬਰ ਸੋਮਵਾਰ (9 ਮਈ) ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਸਾਹਮਣੇ ਆਈ ਹੈ।
ਮੁੰਬਈ ਦਾ ਇਹ ਬੱਲੇਬਾਜ਼ ਅੰਗੂਠੇ ਦੀ ਸੱਟ ਕਾਰਨ ਆਈਪੀਐਲ ਦੇ ਪਹਿਲੇ ਕੁਝ ਮੈਚਾਂ ਤੋਂ ਬਾਹਰ ਹੋ ਗਿਆ ਸੀ। IPL ਨੇ ਆਪਣੇ ਬਿਆਨ 'ਚ ਕਿਹਾ, 'ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਖੱਬੇ ਹੱਥ ਦੀ ਮਾਸਪੇਸ਼ੀ 'ਚ ਸੱਟ ਕਾਰਨ ਟਾਟਾ IPL 2022 ਤੋਂ ਬਾਹਰ ਹੋ ਗਏ ਹਨ। ਯਾਦਵ 6 ਮਈ, 2022 ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਟੀਮ ਦੇ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ।
ਸੂਰਿਆਕੁਮਾਰ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਸਿਰਫ਼ ਅੱਠ ਮੈਚ ਹੀ ਖੇਡ ਸਕੇ ਹਨ। ਉਹ ਟੀਮ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਸਨ। ਉਸ ਨੇ ਇਸ ਸੀਜ਼ਨ ਵਿੱਚ ਤਿੰਨ ਅਰਧ ਸੈਂਕੜੇ ਲਗਾਏ, ਪਰ ਮੁੰਬਈ ਟੀਮ ਦੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰ ਸਕੇ। ਮੁੰਬਈ ਦੀ ਟੀਮ 10 'ਚੋਂ 8 ਮੈਚ ਹਾਰ ਕੇ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ।
ਸੂਰਿਆਕੁਮਾਰ ਮੌਜੂਦਾ ਸੀਜ਼ਨ ਵਿੱਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਉਸ ਨੇ ਅੱਠ ਮੈਚਾਂ ਵਿੱਚ 303 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 43.29 ਅਤੇ ਸਟ੍ਰਾਈਕ ਰੇਟ 145.67 ਰਿਹਾ। ਟੀਮ ਲਈ ਉਸ ਤੋਂ ਵੱਧ ਦੌੜਾਂ ਤਿਲਕ ਵਰਮਾ ਨੇ ਬਣਾਈਆਂ ਹਨ।