ਅੰਮ੍ਰਿਤਸਰ: ਭਾਰਤੀ ਸੁਰੱਖਿਆ ਬਲ ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਅਟਾਰੀ ਸਰਹੱਦ 'ਤੇ ਭੇਜੀ ਗਈ 3.50 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹ ਖੇਪ ਭਾਰਤੀ ਸਰਹੱਦ ਵਿਚ ਕੰਡਿਆਲੀ ਤਾਰ ਦੇ ਸਾਹਮਣੇ ਭਾਰਤੀ ਕਿਸਾਨਾਂ ਦੇ ਖੇਤਾਂ ਵਿਚ ਸੁੱਟੀ ਗਈ ਸੀ।
ਬੀਐਸਐਫ ਨੇ ਇਹ ਖੇਪ ਅੰਮ੍ਰਿਤਸਰ ਸੈਕਟਰ ਤੋਂ ਜ਼ਬਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਸੁਰੱਖਿਆ ਲਈ ਲਗਾਈ ਗਈ ਵਾੜ ਦੇ ਸਾਹਮਣੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿਚੋਂ ਪੀਲੇ ਰੰਗ ਦੇ ਪੈਕਟ ਮਿਲੇ, ਬੀਐਸਐਫ ਦੇ ਜਵਾਨਾਂ ਨੇ ਤੁਰੰਤ ਪੈਕਟ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਂਚ ਵਿਚ ਪਤਾ ਲੱਗਾ ਕਿ ਇਸ ਵਿਚ ਹੈਰੋਇਨ ਸੀ।
ਇਸ ਖੇਪ ਨੂੰ ਪੀਲੀ ਟੇਪ ਲਗਾ ਕੇ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ ਤਾਂ ਜੋ ਖੇਤਾਂ ਵਿਚ ਪਈ ਪਰਾਲੀ ਦੇ ਵਿਚਕਾਰ ਇਸ ਨੂੰ ਬੀਐਸਐਫ ਦੀ ਨਜ਼ਰ ਤੋਂ ਦੂਰ ਰੱਖਿਆ ਜਾ ਸਕੇ। ਬੀਐਸਐਫ ਜਵਾਨਾਂ ਨੇ ਜਦੋਂ ਪੈਕਟ ਦਾ ਵਜ਼ਨ ਕੀਤਾ ਤਾਂ ਇਹ 510 ਗ੍ਰਾਮ ਪਾਇਆ ਗਿਆ।
ਇਸ ਦੀ ਅੰਤਰਰਾਸ਼ਟਰੀ ਕੀਮਤ 3.50 ਕਰੋੜ ਰੁਪਏ ਦੱਸੀ ਗਈ ਹੈ। ਫਿਲਹਾਲ ਬੀਐਸਐਫ ਨੇ ਖੇਪ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਪ੍ਰੈਲ-ਮਈ ਵਿਚ ਅਜਿਹੀਆਂ ਲਗਭਗ 10 ਘਟਨਾਵਾਂ ਵਾਪਰੀਆਂ ਹਨ।