ਲੁਧਿਆਣਾ : ਇਕ ਨੌਜਵਾਨ ਨੇ ਖ਼ੁਦ ਨੂੰ ਮੁੱਖ ਮੰਤਰੀ ਦਾ ਓਐੱਸਡੀ ਦੱਸਦੇ ਹੋਏ ਰਜਿਸਟਰਾਰ ਅਤੇ ਨਾਇਬ ਤਹਿਸੀਲਦਾਰ ਨੂੰ ਫੋਨ ਕਰਕੇ ਮੁੱਖ ਮੰਤਰੀ ਦੇ ਖ਼ਾਸ ਆਦਮੀਆਂ ਦੀ ਰਜਿਸਟਰੀ ਕਰਨ ਦੇ ਹੁਕਮ ਦਿੱਤੇ।
ਨੌਜਵਾਨ ਨੇ ਅਫ਼ਸਰਾਂ ਨੂੰ ਇਹ ਵੀ ਕਿਹਾ ਕਿ ਚਾਹੇ ਦਸਤਾਵੇਜ਼ ਪੂਰੇ ਨਾ ਹੋਣ ਮੁੱਖ ਮੰਤਰੀ ਨੇ ਫਿਰ ਵੀ ਰਜਿਸਟਰੀ ਕਰਨ ਲਈ ਕਿਹਾ ਹੈ ਪਰ ਨੌਜਵਾਨ ਦੇ ਗੱਲਬਾਤ ਕਰਨ ਦੇ ਢੰਗ 'ਤੇ ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਪੜਤਾਲ ਕੀਤੀ। ਇਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਨੌਜਵਾਨ ਫਰਜ਼ੀ ਓਐੱਸਡੀ ਬਣ ਕੇ ਉਨ੍ਹਾਂ ਨੂੰ ਧਮਕਾ ਰਿਹਾ ਸੀ। ਇਸ ਤੋਂ ਬਾਅਦ ਤਹਿਸੀਲਦਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਦੀ ਪਛਾਣ ਦੁੱਗਰੀ ਦੇ ਰਹਿਣ ਵਾਲੇ ਕਰਮਜੀਤ ਸਿੰਘ ਦੇ ਤੌਰ 'ਤੇ ਕੀਤੀ ਹੈ, ਜੋ ਕਿ ਖ਼ੁਦ ਨੂੰ ਐਡਵੋਕੇਟ ਦੱਸਦਾ ਹੈ। ਦੋਸ਼ੀ ਦੇ ਖ਼ਿਲਾਫ ਪੁਲਿਸ ਨੇ ਸਬ ਰਜਿਸਟਰਾਰ ਪੱਛਮੀ ਡਾ. ਵਿਨੇ ਬਾਂਸਲ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੇ ਬਿਆਨ 'ਤੇ ਕਾਰਵਾਈ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਉਨ੍ਹਾਂ ਅਤੇ ਕੇਂਦਰੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅਪਰੈਲ ਮਹੀਨੇ ’ਚ ਉਨ੍ਹਾਂ ਨੂੰ ਮੋਬਾਈਲ ਨੰਬਰ 8297814000 ’ਤੇ ਕਈ ਫੋਨ ਆਏ। ਗੱਲਬਾਤ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਮਿਸਟਰ ਦਿਓਲ ਦੱਸਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਪੀਏ ਕਮ ਓਐੱਸਡੀ ਹਨ।
ਇਸ ਤੋਂ ਇਲਾਵਾ ਉਨ੍ਹਾਂ ਡੀਸੀ ਦਫਤਰ ਦੇ ਲੈਂਡਲਾਈਨ ਨੰਬਰ 0161-2403100 ’ਤੇ ਫੋਨ ਕਰ ਕੇ ਦੱਸਿਆ ਕਿ ਉਹ ਮੁੱਖ ਮੰਤਰੀ ਦਾ ਪੀਏ ਬੋਲ ਰਿਹਾ ਹੈ। ਸਬ ਰਜਿਸਟਰਾਰ ਵਿਨੈ ਬਾਂਸਲ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਹੇ। ਉਨ੍ਹਾਂ ਨੂੰ ਕਿਹਾ ਜਾਵੇ ਕਿ ਉਸ ਨਾਲ ਗੱਲ ਕਰਨ। ਜਦੋਂ ਡਾ: ਬਾਂਸਲ ਨੇ ਉਨ੍ਹਾਂ ਦੇ ਮੋਬਾਈਲ ਨੰਬਰ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰਜਿਸਟਰੀ ਕਰਵਾਉਣ ਲਈ ਕੁਝ ਲੋਕਾਂ ਨੂੰ ਭੇਜ ਰਹੇ ਹਨ, ਜੋ ਮੁੱਖ ਮੰਤਰੀ ਸਾਹਿਬ ਦੇ ਕਰੀਬੀ ਹਨ।