ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਕਿਸਾਨਾਂ ਦੇ ਖੇਤਾਂ ਵਿਚ ਸੁੱਟੀ ਗਈ 11 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹ ਹੈਰੋਇਨ ਦੋ ਜੁਰਾਬਾਂ ਵਿਚ ਭਰ ਕੇ ਸੁੱਟੀ ਗਈ ਸੀ। ਬੀਐਸਐਫ ਨੇ ਐਤਵਾਰ ਨੂੰ ਫੜੇ ਗਏ ਕਿਸਾਨ ਦੀ ਨਿਸ਼ਾਨਦੇਹੀ ’ਤੇ ਹਰਦੋ ਰਤਨ ਵਾਸੀ ਪੂਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਅੰਮ੍ਰਿਤਸਰ ਸੈਕਟਰ ਵਿਚ ਤਾਰਾਂ ਦੇ ਪਾਰ ਖੇਤੀ ਕਰ ਰਹੇ ਕਿਸਾਨਾਂ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਫੋਰਸ ਤਾਇਨਾਤ ਕੀਤੀ ਗਈ ਹੈ। ਇਹ ਫੋਰਸ ਕਿਸਾਨਾਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਖੇਤਾਂ 'ਚ ਹੋਣ ਵਾਲੀਆਂ ਗਤੀਵਿਧੀਆਂ 'ਤੇ ਵੀ ਧਿਆਨ ਦਿੰਦੀ ਹੈ। ਇਸ ਦੌਰਾਨ ਜਵਾਨਾਂ ਨੂੰ ਜੁਰਾਬਾਂ ਵਿਚ ਭਰ ਕੇ ਸੁੱਟੇ ਗਏ 3 ਪੈਕੇਟ ਮਿਲੇ।
ਬੀਐਸਐਫ ਅਨੁਸਾਰ ਇਕ ਜੁਰਾਬ ਵਿਚ ਦੋ ਪੈਕੇਟ ਅਤੇ ਇਕ ਵਿਚ ਇਕ ਪੈਕੇਟ ਮਿਲਿਆ ਹੈ, ਜਿਨ੍ਹਾਂ ਦਾ ਵਜ਼ਨ ਕਰੀਬ ਡੇਢ ਕਿਲੋ ਹੈ। ਪੈਕਟਾਂ ਵਿਚੋਂ ਮਿਲੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 11 ਕਰੋੜ ਰੁਪਏ ਹੈ। ਸਰਹੱਦ ਪਾਰ ਸਥਿਤ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਟਾਈ ਅਤੇ ਪਰਾਲੀ ਇਕੱਠੀ ਕਰਨ ਦਾ ਕੰਮ ਚੱਲ ਰਿਹਾ ਹੈ।
ਭਾਰਤੀ ਕਿਸਾਨ ਹਰਦੋ ਰਤਨ ਵਾਸੀ ਦਿਲਬਾਗ ਸਿੰਘ ਨੂੰ ਐਤਵਾਰ ਨੂੰ 1.020 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁੱਛ-ਪੜਤਾਲ ਦੌਰਾਨ ਇਕ ਹੋਰ ਕਿਸਾਨ ਪੂਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੂਰਨ ਸਿੰਘ ਕੋਲ ਸਰਹੱਦ ਉੱਤੇ 5 ਏਕੜ ਜ਼ਮੀਨ ਹੈ।
ਜਾਣਕਾਰੀ ਅਨੁਸਾਰ ਪੂਰਨ ਸਿੰਘ ਅਤੇ ਦਿਲਬਾਗ ਸਿੰਘ ਗਰੀਬ ਮਜ਼ਦੂਰਾਂ ਦੀ ਮਦਦ ਨਾਲ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਭਾਰਤੀ ਸਰਹੱਦ ਵਿਚ ਲਿਆਉਂਦੇ ਸਨ। ਭਾਰਤ ਅਤੇ ਪਾਕਿਸਤਾਨ ਦੇ ਕਈ ਤਸਕਰ ਉਸ ਦੇ ਸੰਪਰਕ ਵਿਚ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚੋਂ ਲਿਆਂਦੀਆਂ ਖੇਪਾਂ ਨੂੰ ਦਿੱਲੀ ਅਤੇ ਪੰਜਾਬ ਵਿਚ ਬੈਠੇ ਤਸਕਰਾਂ ਨੂੰ ਸੌਂਪਦੇ ਸਨ।