ਚੰਡੀਗੜ੍ਹ: ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਪੱਤਰ 'ਚ ਸੁਲਤਾਨਪੁਰ ਲੋਧੀ ਅਤੇ ਜਲੰਧਰ ਸਣੇ ਪੰਜਾਬ ਦੇ ਹੋਰਨਾਂ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਇਸ ਧਮਕੀ ਭਰੇ ਪੱਤਰ ਤੋਂ ਬਾਅਦ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਅਲਰਟ ਹੋ ਗਈ ਹੈ। ਡਾਕ ਰਾਹੀਂ ਭੇਜੇ ਪੱਤਰ ਵਿਚ ਅਰਾਜਕ ਤੱਤਾਂ ਵਲੋਂ ਪੰਜਾਬ ਦੇ ਪੰਜ ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ, ਕਈ ਅਕਾਲੀ ਆਗੂਆਂ, ਦੇਵੀ ਤਾਲਾਬ ਮੰਦਰ, ਫਗਵਾੜਾ ਦੇ ਪ੍ਰਸਿੱਧ ਮੰਦਰ ਹਨੂੰਮਾਨ ਗੜ੍ਹੀ ਅਤੇ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਪੱਤਰ ਲਿਖਣ ਵਾਲੇ ਨੇ ਖ਼ੁਦ ਨੂੰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦਾ ਕਮਾਂਡਰ ਦੱਸਿਆ ਹੈ। ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਪੱਤਰ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ। ਅਰਾਜਕ ਤੱਤਾਂ ਨੇ ਸਟੇਸ਼ਨ ਸੁਪਰਡੈਂਟ ਸੁਲਤਾਨਪੁਰ ਲੋਧੀ ਰਾਜਬੀਰ ਸਿੰਘ ਦੇ ਨਾਂਅ ’ਤੇ ਪੱਤਰ ਭੇਜਿਆ ਹੈ।
ਰਾਜਬੀਰ ਸਿੰਘ ਨੇ ਪੱਤਰ ਮਿਲਦੇ ਹੀ ਤੁਰੰਤ ਰੇਲਵੇ ਪੁਲਿਸ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਹਿੰਦੀ 'ਚ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਜੇਹਾਦੀਆਂ ਦਾ ਬਦਲਾ ਜ਼ਰੂਰ ਲਵਾਂਗੇ। 21 ਮਈ ਨੂੰ ਜਲੰਧਰ ਰੇਲਵੇ ਸਟੇਸ਼ਨ, ਸੁਲਤਾਨਪੁਰ ਲੋਧੀ, ਲੋਹੀਆਂ ਖਾਸ, ਫਿਰੋਜ਼ਪੁਰ ਛਾਉਣੀ, ਫਗਵਾੜਾ, ਅੰਮ੍ਰਿਤਸਰ, ਤਰਨਤਾਰਨ ਸਮੇਤ ਪੰਜਾਬ ਦੇ ਕਈ ਸਟੇਸ਼ਨਾਂ ਨੂੰ ਉਡਾ ਦਿੱਤਾ ਜਾਵੇਗਾ।