ਕੀਵ/ਮਾਸਕੋ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 47ਵਾਂ ਦਿਨ ਹੈ। ਇਸ ਦੌਰਾਨ ਰੂਸੀ ਗਣਰਾਜ ਚੇਚਨੀਆ ਦੇ ਮੁਖੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਮੁੜ ਕੀਵ 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਵੇਗਾ। ਦੂਜੇ ਪਾਸੇ ਯੂਕਰੇਨ ਦੀ ਫੌਜ ਨੇ ਰੂਸੀ ਸੈਨਿਕਾਂ ਵੱਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਦਾਅਵਾ ਕੀਤਾ ਹੈ। ਇਸ ਦੀ ਵਰਤੋਂ ਡਰੋਨ ਰਾਹੀਂ ਕੀਤੀ ਗਈ ਸੀ।
ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵਿਰੇਸ਼ਚੁਕ ਨੇ ਦੱਸਿਆ ਕਿ ਰੂਸੀ ਫੌਜ ਨੇ ਵੱਡੀ ਗਿਣਤੀ ਵਿੱਚ ਯੂਕਰੇਨੀਆਂ ਨੂੰ ਆਪਣੀ ਕੈਦ ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਸ ਦੀਆਂ ਜੇਲ੍ਹਾਂ ਵਿੱਚ 700 ਤੋਂ ਵੱਧ ਯੂਕਰੇਨੀ ਸੈਨਿਕ ਅਤੇ ਇੱਕ ਹਜ਼ਾਰ ਤੋਂ ਵੱਧ ਆਮ ਨਾਗਰਿਕ ਕੈਦ ਹਨ।
ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਸਾਨੂੰ ਹਥਿਆਰ ਨਹੀਂ ਮਿਲ ਰਹੇ : ਜ਼ੇਲੇਨਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਵਾਰ ਫਿਰ ਪੱਛਮ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਤਰ੍ਹਾਂ ਦੇ ਹਥਿਆਰਾਂ ਦੀ ਲੋੜ ਹੈ। ਇੱਥੇ ਲੋਕ ਮਰ ਰਹੇ ਹਨ ਅਤੇ ਪੱਛਮੀ ਦੇਸ਼ ਹਥਿਆਰਾਂ ਦੀ ਸਪਲਾਈ ਵਿੱਚ ਦੇਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਹਥਿਆਰ ਮਿਲ ਜਾਣਗੇ ਤਾਂ ਅਸੀਂ ਮਾਰੀਉਪੋਲ ਨੂੰ ਬਚਾ ਸਕਾਂਗੇ।
ਰੂਸ-ਯੂਕਰੇਨ ਯੁੱਧ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਡਰ ਦੇ ਵਿਚਕਾਰ ਯੂਕਰੇਨ ਦੀ ਫੌਜ ਦੀ ਇਕ ਰੈਜੀਮੈਂਟ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਨੇ ਮਾਰੀਉਪੋਲ ਨੂੰ ਜ਼ਹਿਰ ਦਿੱਤਾ ਸੀ। ਇਹ ਹਮਲਾ ਯੂਕਰੇਨ ਦੇ ਸੈਨਿਕਾਂ 'ਤੇ ਕੀਤਾ ਗਿਆ ਸੀ। ਇਸ ਦੇ ਲਈ ਰੂਸੀ ਫੌਜ ਨੇ ਡਰੋਨ ਦੀ ਵਰਤੋਂ ਕੀਤੀ ਅਤੇ ਹਵਾ 'ਚੋਂ ਕੁਝ ਜ਼ਹਿਰੀਲੇ ਪਦਾਰਥ ਸੁੱਟੇ, ਜਿਸ ਤੋਂ ਬਾਅਦ ਸਾਹ ਲੈਣ 'ਚ ਦਿੱਕਤ ਆਈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਫੌਜਾਂ ਵੱਲੋਂ ਰਸਾਇਣਕ ਹਥਿਆਰਾਂ ਦੀ ਇਹ ਪਹਿਲੀ ਵਰਤੋਂ ਹੋ ਸਕਦੀ ਹੈ।