ਜਲੰਧਰ : ਖੇਤ ਵਿੱਚ ਅੱਗ ਲਗਾਉਣ ਵਾਲਿਆਂ ਖਿਲਾਫ ਪ੍ਰਸ਼ਾਸਨਿਕ ਅਧਿਕਾਰੀ ਐਕਸ਼ਨ ਮੋਡ ਵਿਚ ਹਨ। ਖੇਤਾਂ ਵਿਚ ਅੱਗ ਲਗਾਉਣ ‘ਤੇ ਪ੍ਰਸ਼ਾਸਨ ਨੇ ਇੱਕ ਕਿਸਾਨ ਖ਼ਿਲਾਫ਼ ਸਖਤ ਕਾਰਵਾਈ ਕਰਕੇ ਜੁਰਮਾਨਾ ਲਗਾਇਆ ਹੈ।
ਰਿਮੋਟ ਸੈਂਸਿੰਗ ਸਿਸਟਮ ‘ਤੇ ਸੈਟੇਲਾਈਟ ਰਾਹੀਂ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ ਕਿ ਤਹਿਸੀਲ ਜਲੰਧਰ-1 ਦੇ ਪਿੰਡ ਸਰਨਾਨਾ ਦੇ ਖੇਤਾਂ ਵਿਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਲਈ ਅੱਗ ਲਗਾਈ ਗਈ ਹੈ।
ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਖਜ਼ਾਨਾ ਤੇ ਪੁਲਿਸ ਵਿਭਾਗ ਦੇ ਅਮਲੇ ਨਾਲ ਪਿੰਡ ਪੁੱਜੇ ਅਤੇ ਦੇਖਇਆ ਕਿ ਇੱਕ ਏਕੜ ਖੇਤ ਵਿਚ ਕਣਕ ਦੀ ਰਹਿੰਦ-ਖੂੰਹ ਸਾੜਨ ਲਈ ਅੱਗ ਲਗਾਈ ਗਈ ਸੀ।
ਉਨ੍ਹਾਂ ਨੇ ਖੇਤ ਦੇ ਮਾਲਕ ਦਾ ਮਾਲ ਰਿਕਾਰਡ ਤੋਂ ਨਾਂ ਕੱਢਿਆ ਤੇ ਉਸ ਨੂੰ ਮੌਕੇ ‘ਤੇ ਬੁਲਾਇਆ। ਕਿਸਾਨ ਕੇਹਰ ਸਿੰਘ ‘ਤੇ ਸਖਤ ਕਾਰਵਾਈ ਕਰਦੇ ਹੋਏ 2500 ਰੁਪਏ ਦਾ ਜੁਰਮਾਨ ਲਗਾਇਆ।
SDM ਨੇ ਕਿਹਾ ਕਿ ਪਹਿਲੇ ਦੌਰ ਵਿਚ ਇਹ ਜੁਰਮਾਨਾ ਕੀਤਾ ਗਿਆ ਹੈ। ਕਿਸਾਨ ਨੇ ਦੁਬਾਰਾ ਖੇਤਾਂ ਵਿਚ ਅੱਗ ਲਗਾ ਕੇ ਵਾਤਾਵਰਣ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲੋਂ ਵੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਨੇ ਜ਼ਿਲ੍ਹੇ ਵਿਚ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਦੇ ਐੱਸਡੀਓ ਬਚਨਪਾਲ ਸਿੰਘ, ਕਾਨੂੰਨਗੋ ਪੁਰਸ਼ੋਤਮ ਲਾਲ ਵੀ ਮੌਜੂਦ ਸਨ।