ਹੈਦਰਾਬਾਦ - ਤੇਲੰਗਾਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮਾਂ ਅਪਣੇ ਬੱਚੇ ਨੂੰ ਇਕ ਅਨੋਖੀ ਸਜ਼ਾ ਦਿੰਦੀ ਨਜ਼ਰ ਆ ਰਹੀ ਹੈ।
ਦਰਅਸਲ ਤੇਲੰਗਾਨਾ ’ਚ ਇਕ ਮਹਿਲਾ ਨੇ ਆਪਣੇ ਪੁੱਤਰ ਨੂੰ ਗਾਂਜਾ(ਨਸ਼ੇ) ਦੀ ਆਦਤ ਲਈ ਅਜਿਹੀ ਸਜ਼ਾ ਦਿੱਤੀ ਕਿ ਦੇਸ਼ ਦੀ ਪੁਲਿਸ ਦਾ ਟਾਰਚਰ ਵੀ ਉਸ ਅੱਗੇ ਫੇਲ੍ਹ ਸਾਬਤ ਹੋਇਆ।
15 ਸਾਲ ਦੇ ਪੁੱਤਰ ਦੀ ਗਾਂਜਾ ਪੀਣ ਦੀ ਆਦਤ ਤੋਂ ਨਾਰਾਜ਼ ਮਾਂ ਨੇ ਚੌਰਾਹੇ ’ਚ ਖੜ੍ਹਾ ਕੇ ਪੁੱਤਰ ਅਜਿਹੀ ਸਜ਼ਾ ਦਿੱਤੀ ਕਿ ਸਭ ਦੇਖਦੇ ਰਹਿ ਗਏ। ਇਸ ਮਾਂ ਨੇ ਪੁੱਤਰ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਮਗਰੋਂ ਉਸ ਦੀਆਂ ਅੱਖਾਂ ’ਚ ਲਾਲ ਮਿਰਚੀ ਪਾਊਡਰ ਪਾ ਦਿੱਤਾ।
ਅੱਖਾਂ ’ਚ ਮਿਰਚੀ ਪਾਊਡਰ ਦੀ ਜਲਣ ਨਾਲ ਨੌਜਵਾਨ ਚੀਕਦਾ ਰਿਹਾ। ਜਿਸ ਤੋਂ ਬਾਅਦ ਗੁਆਂਢੀਆਂ ਨੇ ਲੜਕੇ ਦੀ ਮਾਂ ਨੂੰ ਪਾਣੀ ਪਾਉਣ ਲਈ ਕਿਹਾ ਪਰ ਮਾਂ ਨੇ ਇਕ ਨਾ ਸੁਣੀ।
ਇਸ ਤੋਂ ਬਾਅਦ ਮਾਂ ਨੇ ਉਸ ਨੂੰ ਉਦੋਂ ਤੱਕ ਨਾ ਖੋਲ੍ਹਿਆ ਜਦੋਂ ਤੱਕ ਉਸ ਨੇ ਨਸ਼ਾ ਛੱਡਣ ਦਾ ਵਾਅਦਾ ਨਹੀਂ ਕਰ ਦਿੱਤਾ। ਇਹ ਘਟਨਾ ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ਦੇ ਕੋਡਾਡ ਦੀ ਹੈ।