ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸ਼ਨੀਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੇ ਹੈਲਪਲਾਈਨ ਨੰਬਰਾਂ 'ਤੇ ਪ੍ਰਾਪਤ ਕਾਲਾਂ ਦਾ ਜਾਇਜ਼ਾ ਲਿਆ ਅਤੇ ਸਾਰੇ ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐਸਐਸਪੀਜ਼ ਨੂੰ ਪਾਸਪੋਰਟ ਨੰਬਰਾਂ ਅਤੇ ਹੋਰਾਂ ਨੂੰ ਤੁਰੰਤ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ। ਇਸ ਜੰਗ ਪ੍ਰਭਾਵਿਤ ਦੇਸ਼ ਵਿੱਚ ਫਸੇ ਪੰਜਾਬ ਦੇ ਲੋਕਾਂ ਦੇ ਅੰਕੜਿਆਂ ਸਮੇਤ ਜਾਣਕਾਰੀ ਇਕੱਠੀ ਕਰਨ ਦੀ ਹਦਾਇਤ ਦਿਤੀ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਅਸਲ ਗਿਣਤੀ ਦਾ ਪਤਾ ਲਗਾਇਆ ਜਾ ਸਕੇ।
ਆਪਣੇ ਦਫ਼ਤਰ ਵਿੱਚ ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐਸਐਸਪੀਜ਼ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਤੁਰੰਤ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 (ਪੰਜਾਬ ਦੇ ਅੰਦਰੋਂ ਕਾਲ ਕਰਨ ਲਈ) ਅਤੇ +91-172 4111905 'ਤੇ ਜਾਣਕਾਰੀ ਦੇਣ ਲਈ ਆਖਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਟਰੋਲ ਰੂਮ ਨੰਬਰਾਂ 'ਤੇ ਹੁਣ ਤੱਕ ਕੁੱਲ 155 ਕਾਲਾਂ ਆ ਚੁੱਕੀਆਂ ਹਨ ਅਤੇ ਯੂਕਰੇਨ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਇਨ੍ਹਾਂ ਕਾਲਾਂ ਰਾਹੀਂ ਪ੍ਰਾਪਤ ਜਾਣਕਾਰੀ ਨੂੰ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।