ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਆਏ 2 ਮੁਸਾਫਰਾਂ ਕੋਲੋਂ 3.332 ਕਿਲੋ ਸੋਨਾ ਜ਼ਬਤ ਕੀਤਾ ਹੈ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 1.30 ਕਰੋਡ਼ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਦੋਵਾਂ ਸਮੱਗਲਰਾਂ ’ਚੋਂ ਇਕ ਤਰਨਤਾਰਨ ਅਤੇ ਦੂਜਾ ਪਟਿਆਲਾ ਜ਼ਿਲੇ ਦਾ ਰਹਿਣ ਵਾਲਾ ਹੈ। ਸੋਨੇ ਦੀ ਸਮੱਗਲਿੰਗ ਕਰਨ ਲਈ ਇਸ ਵਾਰ ਸਮੱਗਲਰਾਂ ਨੇ ਸੋਨੇ ਦੀਆਂ ਛਡ਼ੀਆਂ ’ਤੇ ਸਿਲਵਰ ਪੇਂਟ ਕਰ ਕੇ ਸੋਨੇ ਦੀਆਂ ਬਰੀਕ ਤਾਰਾਂ ਬਣਾ ਕੇ, ਟਰਾਂਸਫਾਰਮਰ ’ਚ ਬਰੈੱਸਲੇਟਸ ’ਚ ਲੁਕਾਇਆ ਹੋਇਆ ਸੀ। ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਹੇ ਸਮੱਗਲਰਾਂ ਨੂੰ ਕਸਟਮ ਟੀਮ ਨੇ ਗ੍ਰਿਫਤਾਰ ਕਰ ਲਿਆ। ਸੋਨੇ ਦੀ ਇਸ ਖੇਪ ਨੂੰ ਸੂਟਕੇਸਾਂ ਦੀ ਕੈਵੇਟੀਜ਼ ਅਤੇ ਹੈਂਡ ਬੈਗਸ ’ਚ ਲੁਕਾਇਆ ਹੋਇਆ ਸੀ। ਦੋਵਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।