ਉੱਤਰ ਪ੍ਰਦੇਸ਼ : ਇਥੋਂ ਦੇ ਸਹਾਰਨਪੁਰ ਜ਼ਿਲ੍ਹੇ 'ਚ ਮੋਬਾਈਲ ਚਲਾਉਣ ਸਮੇਂ ਅਚਾਨਕ ਇਕ ਔਰਤ ਦੀ ਮੌਤ ਹੋ ਗਈ ਅਤੇ ਬੱਚੇ ਬੁਰੀ ਤਰ੍ਹਾਂ ਝੁਲਸ ਗਏ । ਦਰਅਸਲ ਮੋਬਾਇਲ ਫੋਨ ਚਾਰਜ ਕਰਦੇ ਸਮੇਂ ਇਕ ਔਰਤ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਦਕਿ ਉਸ ਦੇ ਦੋ ਬੱਚੇ ਝੁਲਸ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਸਪੀ (ਦਿਹਾਤੀ) ਅਤੁਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਕੁੰਡਾ ਦਾ ਰਹਿਣ ਵਾਲਾ ਸ਼ਹਿਜ਼ਾਦ ਆਪਣੇ ਪਰਿਵਾਰ ਨਾਲ ਗੰਗੋਹ ਦੇ ਮੁਹੱਲਾ ਇਲਾਹੀ ਬਖਸ਼ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।
ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ ਅਤੇ ਉਸ ਦੇ ਦੋ ਬੱਚੇ ਉਸੇ ਬੈੱਡ 'ਤੇ ਲੇਟ ਕੇ ਮੋਬਾਈਲ ਦੇਖ ਰਹੇ ਸਨ, ਉਸ ਸਮੇਂ ਮੋਬਾਈਲ ਚਾਰਜਿੰਗ ਪਲੱਗ ਨਾਲ ਜੁੜਿਆ ਹੋਇਆ ਸੀ। ਸ਼ਰਮਾ ਨੇ ਦੱਸਿਆ ਕਿ ਨੀਂਦ ਆਉਣ 'ਤੇ ਪਤਨੀ ਸੌਂ ਗਈ, ਸੰਭਵ ਤੌਰ 'ਤੇ ਦੇਰ ਰਾਤ ਮੋਬਾਈਲ ਜਾਂ ਚਾਰਜਰ ਵਿੱਚ ਕਰੰਟ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਔਰਤ ਅਤੇ ਉਸਦੇ ਬੱਚੇ ਇਸ ਦੀ ਲਪੇਟ ਵਿੱਚ ਆ ਗਏ ਹਨ।
ਅਤੁਲ ਸ਼ਰਮਾ ਨੇ ਦੱਸਿਆ ਕਿ ਤਿੰਨਾਂ ਦੀਆਂ ਚੀਕਾਂ ਸੁਣ ਕੇ ਸ਼ਹਿਜ਼ਾਦ ਜਾਗ ਗਿਆ ਤਾਂ ਉਸ ਨੇ ਦੇਖਿਆ ਕਿ ਪਤਨੀ ਅਤੇ ਦੋਵੇਂ ਬੱਚੇ ਬੇਹੋਸ਼ ਸਨ। ਸ਼ਰਮਾ ਨੇ ਦੱਸਿਆ ਕਿ ਕਰੰਟ ਲੱਗਣ ਨਾਲ ਝੁਲਸ ਗਏ ਬੱਚਿਆਂ ਨੂੰ ਰਾਤ ਨੂੰ ਹੀ ਮੁੱਢਲੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਦੋਵਾਂ ਬੱਚਿਆਂ ਨੂੰ ਸਹਾਰਨਪੁਰ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੇ ਦੋ ਬੱਚਿਆਂ ਪੰਜ ਸਾਲਾ ਅਰਿਸ ਅਤੇ ਅੱਠ ਸਾਲਾ ਸਨਾ ਦਾ ਇਲਾਜ ਚੱਲ ਰਿਹਾ ਹੈ।