ਚੰਡੀਗੜ੍ਹ : ਪੰਜਾਬ ਵਾਸੀਉ, ਤੁਸੀਂ ਆਪਣਾ ਤਾਂ ਜੋ ਸੰਵਾਰਣਾ ਸੀ ਸਵਾਰ ਲਿਆ। ਹੁਣ ਤੁਹਾਡੇ ਕੋਲ ਮੌਕਾ ਹੈ ਆਪਣੇ ਬੱਚਿਆਂ ਲਈ ਕੁੱਝ ਕਰਨ ਦਾ। ਇਸ ਵਾਰ ਘਟੋ ਘਟ ਆਪਣੀ ਵੋਟ ਦਿਮਾਗ਼ ਤੋਂ ਕੰਮ ਲੈ ਕੇ ਪਾਇਉ, ਦਿੱਲ ਤੋਂ ਕੰਮ ਨਾ ਲਿਉ, ਐਵੇਂ ਕਿਸੇ ਦੇ ਲਾਲਚ ਵਿਚ ਆ ਨਾ ਜਾਇਉ।
ਵੋਟ ਸੋਚ ਕਿ ਪਾਉ, ਜੇ ਤੁਸੀਂ ਪੈਸੇ ਲੈ ਕੇ ਵੋਟ ਪਾਈ ਤਾਂ ਤੁਸੀਂ ਆਪਣੇ ਬੱਚਿਆਂ ਦੇ ਖ਼ਰਾਬ ਭਵਿੱਖ ਦੇ ਜਿ਼ੰਮੇਵਾਰ ਤੁਸੀਂ ਆਪ ਹੋਵੋਗੇ। ਫਿਰ ਤੁਸੀਂ ਕਿਸੇ ਨੂੰ ਭ੍ਰਿਸ਼ਟ ਕਹਿਣ ਦੇ ਹੱਕਦਾਰ ਨਹੀਂ ਹੋਵੋਗੇ।
ਸਾਰੇ ਪੰਜਾਬ ਵਾਸੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਥੇ ਨਸ਼ਾ ਕਿਹੜੀ ਕਿਹੜੀ ਪਾਰਟੀ ਨੇ ਵਰਤਾਇਆ ਹੈ। ਇਹ ਉਹੀ ਨਸ਼ਾ ਹੈ ਜਿਸ ਦਾ ਨਾਮ ਹੈ ਚਿੱਟਾ-, ਇਹ ਚਿੱਟਾ ਕਈ ਮਾਵਾਂ ਦੇ ਲਾਡਲਿਆਂ ਨੂੰ ਮੌਤ ਦੇ ਮੂੰਹ ਵਿਚ ਲਿਜਾ ਚੁੱਕਾ ਹੈ। ਜਿਸ ਮਾਂ ਦਾ ਗੱਭਰੂ ਪੁੱਤਰ ਨਸ਼ੇ ਕਰ ਕੇ ਮਰ ਗਿਆ ਹੋਵੇ ਤਾਂ ਤੁਸੀ ਸੋਚ ਸਕਦੇ ਹੋ ਉਸ ਮਾਂ ਪਿਉ ਦਾ ਕੀ ਹਾਲ ਹੁੰਦਾ ਹੋਵੇਗਾ।
ਕਈ ਜਣੇ ਤਰਕ ਦਿੰਦੇ ਹਨ ਕਿ ਬੇਸ਼ੱਕ ਨਸ਼ਾ ਪੰਜਾਬ ਵਿਚ ਸ਼ਰੇਆਮ ਮਿਲਦਾ ਹੈ ਤਾਂ ਨਸ਼ਾ ਕਿਹੜਾ ਕੋਈ ਜਬਰਦਸਤੀ ਦਿੰਦਾ ਹੈ, ਨਾ ਲਉ, ਇਸ ਦਾ ਜਵਾਬ ਇਹ ਹੈ ਕਿ ਕੋਈ ਵੀ ਨੌਜਵਾਨ ਜਦੋਂ 18-20 ਸਾਲ ਦਾ ਹੁੰਦਾ ਹੈ ਤਾਂ ਉਸ ਵਿਚ ਹਾਲੇ ਇਹ ਸਮਝ ਨਹੀਂ ਹੁੰਦੀ ਕਿ ਉਹ ਠੀਕ ਕਰੇ ਜਾਂ ਨਾ ਕਰੇ, ਇਸ ਉਮਰ ਵਿਚ ਨੌਜਵਾਨ ਚੌੜ ਚੌੜ ਵਿਚ ਇਕ ਵਾਰ ਚਿੱਟਾ ਨਸ਼ਾ ਕਰ ਲੈਂਦਾ ਹੈ ਫਿਰ ਉਹ ਉਸ ਨਸ਼ੇ ਦਾ ਗੁਲਾਮ ਹੋ ਕੇ ਰਹਿ ਜਾਂਦਾ ਹੈ।
ਇਸ ਲਈ ਪੂਰੀ ਤਰ੍ਹਾਂ ਨੌਜਵਾਨਾਂ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਸਾਡੀ ਜਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸੰਭਾਲੀਏ, ਇਸ ਲਈ ਅਸੀਂ ਕੰਮ ਇਹ ਕਰਨਾ ਹੈ ਕਿ ਪੰਜਾਬ ਵਿਚ ਵੋਟ ਉਸ ਪਾਰਟੀ ਨੂੰ ਪਾਈਏ ਜੋ ਇਸ ਨਸ਼ੇ ਨੂੰ ਪੰਜਾਬ ਵਿਚੋ ਖ਼ਤਮ ਕਰ ਸਕੇ।